ਪਿਥੌਰਾਗੜ੍ਹ, 20 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਆਪਣੇ ਗੁਆਂਢੀ ਮੁਲਕਾਂ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ ਪਰ ਜੇਕਰ ਕੋਈ ਮੁਲਕ ਭਾਰਤ ਦੀ ਇੱਕ ਇੰਚ ਜ਼ਮੀਨ ’ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਹ ਚੋਣ ਆਧਾਰਿਤ ਸੂਬੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਝੌਲਖੇਤ ’ਚ ‘ਸ਼ਹੀਦ ਸਨਮਾਨ ਯਾਤਰਾ’ ਦੇ ਦੂਜੇ ਗੇੜੇ ਦੀ ਸ਼ੁਰੂਆਤ ਕਰਨ ਆਏ ਹੋਏ ਸਨ।
ਉਨ੍ਹਾਂ ਕਿਹਾ, ‘ਅਸੀਂ ਆਪਣੇ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਚਾਹੁੰਦੇ ਹਾਂ। ਭਾਰਤ ਨੇ ਕਦੀ ਕਿਸੇ ਮੁਲਕ ’ਤੇ ਹਮਲਾ ਨਹੀਂ ਕੀਤਾ ਤੇ ਨਾ ਹੀ ਕਿਸੇ ਵਿਦੇਸ਼ੀ ਮੁਲਕ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਗੁਆਂਢੀਆਂ ਨਾਲ ਚੰਗੇ ਰਿਸ਼ਤੇ ਰੱਖਣਾ ਭਾਰਤ ਦਾ ਸੱਭਿਆਚਾਰ ਹੈ ਪਰ ਕੁਝ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਉਨ੍ਹਾਂ ਦੀ ਆਦਤ ਹੈ ਜਾਂ ਸੁਭਾਅ।’ ਰੱਖਿਆ ਮੰਤਰੀ ਨੇ ਪਾਕਿਸਤਾਨ ਦਾ ਨਾਂ ਲੈ ਕੇ ਕਿਹਾ ਕਿ ਉਸ ਵੱਲੋਂ ਅਤਿਵਾਦੀ ਗਤੀਵਿਧੀਆਂ ਰਾਹੀਂ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੂੰ ਭਾਰਤ ਨੇ ਸਖਤ ਸੁਨੇਹਾ ਵੀ ਦਿੱਤਾ ਹੈ।
ਉਨ੍ਹਾਂ ਕਿਹਾ, ‘ਅਸੀਂ ਪੱਛਮੀ ਸਰਹੱਦ ’ਤੇ ਆਪਣੇ ਗੁਆਂਢੀ ਮੁਲਕ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜੇਕਰ ਉਹ ਆਪਣੀ ਹੱਦ ਉਲੰਘੇਗਾ ਤਾਂ ਅਸੀਂ ਨਾ ਸਿਰਫ਼ ਸਰਹੱਦ ’ਤੇ ਇਸ ਦਾ ਢੁੱਕਵਾਂ ਜਵਾਬ ਦੇ ਸਕਦੇ ਹਾਂ ਬਲਕਿ ਅਸੀਂ ਉਨ੍ਹਾਂ ਦੇ ਇਲਾਕੇ ਅੰਦਰ ਦਾਖਲ ਹੋ ਕੇ ਸਰਜੀਕਲ ਤੇ ਹਵਾਈ ਹਮਲੇ ਵੀ ਕਰ ਸਕਦੇ ਹਾਂ।’ ਉਨ੍ਹਾਂ ਚੀਨ ਦਾ ਨਾਂ ਲਏ ਬਿਨਾਂ ਕਿਹਾ, ‘ਸਾਡਾ ਇੱਕ ਹੋਰ ਗੁਆਂਢੀ ਵੀ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜੇਕਰ ਕਿਸੇ ਮੁਲਕ ਨੇ ਭਾਰਤੀ ਦੀ ਜ਼ਮੀਨ ਦਾ ਇੱਕ ਇੰਚ ਵੀ ਕਬਜ਼ੇ ਹੇਠ ਲੈਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਇਸ ਦਾ ਢੁੱਕਵਾਂ ਜਵਾਬ ਦੇਵੇਗਾ।
ਉਨ੍ਹਾਂ ਗੁਆਂਢੀ ਮੁਲਕਾਂ ਨੂੰ ਕਿਸੇ ਭੁਲੇਖੇ ’ਚ ਨਾ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਲਿਪੂਲੇਖ ਦੱਰ੍ਹੇ ਤੋਂ ਮਾਨਸਰੋਵਰ ਤੱਕ ਬਣਾਈ ਜਾ ਰਹੀ ਸੜਕ ਨੂੰ ਲੈ ਕੇ ਨੇਪਾਲ ’ਚ ਅਫ਼ਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਨਾਲ ਭਾਰਤ ਤੇ ਨੇਪਾਲ ਦੇ ਸੱਭਿਆਚਾਰਕ ਰਿਸ਼ਤਿਆਂ ’ਚ ਕੋਈ ਫਰਕ ਨਹੀਂ ਪਿਆ। ਰੱਖਿਆ ਮੰਤਰੀ ਨੇ ਭਰੋਸਾ ਦਿਵਾਇਆ ਕਿ ਦੇਹਰਾਦੂਨ ’ਚ ਬਣਾਏ ਜਾ ਰਹੇ ‘ਸੈਨਯ ਧਾਮ’ ਵਿੱਚ ਉੱਤਰਾਖੰਡ ਦੇ ਸਹੀਦ ਜਵਾਨਾਂ ਤੇ ਉਨ੍ਹਾਂ ਦੇ ਪਿੰਡਾਂ ਦੇ ਨਾਂ ਲਿਖੇ ਜਾਣਗੇ। ਇਸੇ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਫੌਜੀ ਜਵਾਨਾਂ ਤੇ ਸੇਵਾਮੁਕਤ ਫੌਜੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੀ ਹੈ। -ਪੀਟੀਆਈ