* ਆਕਸੀਜਨ ਪਲਾਂਟ ਤੇਜ਼ੀ ਨਾਲ ਸਥਾਪਿਤ ਕਰਨ ਦਾ ਸੱਦਾ
* ਵੈਕਸੀਨ ਤੇ ਦਵਾਈਆਂ ਦੀ ਮੰਗ ਪੂਰਨ ਲਈ ਪੂਰੀ ਕੌਮੀ ਸਮਰੱਥਾ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ
* ਅਧਿਕਾਰੀਆਂ ਨੂੰ ਲੋਕਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਕਿਹਾ
* ਸੂਬਿਆਂ ਨਾਲ ਤਾਲਮੇਲ ਬਣਾਉਣ ਦੇ ਦਿੱਤੇ ਨਿਰਦੇਸ਼
ਨਵੀਂ ਦਿੱਲੀ, 17 ਅਪਰੈਲ
ਦੇਸ਼ ’ਚ ਕਰੋਨਾ ਨਾਲ ਵਿਗੜ ਰਹੇ ਹਾਲਾਤ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਤ ਸਿਹਤ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੁਅਲੀ ਹੰਗਾਮੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਰੋਨਾ ਨਾਲ ਸਿੱਝਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਦੇਸ਼ ’ਚ ਆਕਸੀਜਨ ਅਤੇ ਕਰੋਨਾ ਤੋਂ ਬਚਾਅ ਦੀਆਂ ਕੁਝ ਦਵਾਈਆਂ ਦੀ ਆ ਰਹੀ ਕਿੱਲਤ ਨੂੰ ਪੂਰਾ ਕਰਨ ਵੱਲ ਵੀ ਧਿਆਨ ਦੇਣ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ ਕਿਹਾ ਕਿ ਭਾਰਤ ਨੇ ਕੋਵਿਡ-19 ਨੂੰ ਪਿਛਲੇ ਸਾਲ ਵੀ ਮਾਤ ਦਿੱਤੀ ਸੀ। ਹੁਣ ਵੀ ਉਨ੍ਹਾਂ ਹੀ ਸਿਧਾਂਤਾਂ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ ਪਰ ਤੇਜ਼ ਰਫ਼ਤਾਰ ਤੇ ਬਿਹਤਰ ਤਾਲਮੇਲ ਦੇ ਨਾਲ ਅਜਿਹਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਸੰਤ ਸਮਾਜ ਨੂੰ ਹਰਿਦੁਆਰ ’ਚ ਚੱਲ ਰਹੇ ਕੁੰਭ ਨੂੰ ‘ਪ੍ਰਤੀਕਾਤਮਕ’ ਹੀ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਮਹਾਮਾਰੀ ਖ਼ਿਲਾਫ਼ ਮਜ਼ਬੂਤੀ ਨਾਲ ਜੰਗ ਲੜੀ ਜਾ ਸਕੇ। ਉਨ੍ਹਾਂ ਦੀ ਅਪੀਲ ਦਾ ਇਹ ਅਸਰ ਹੋਇਆ ਕਿ ਜੂਨਾ ਅਖਾੜੇ ਦੇ ਸਵਾਮੀ ਅਵਧੇਸ਼ਾਨੰਦ ਗਿਰੀ ਨੇ ਕੁੰਭ ’ਚ ਆਪਣੀ ਸ਼ਮੂਲੀਅਤ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦੇਸ਼ ’ਚ ਪਿਛਲੇ ਤਿੰਨ ਦਿਨਾਂ ਦੌਰਾਨ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਦੋ ਲੱਖ ਤੋਂ ਜ਼ਿਆਦਾ ਸਾਹਮਣੇ ਆ ਰਹੀ ਹੈ। ਕਈ ਸੂਬਿਆਂ ਦੇ ਹਸਪਤਾਲਾਂ ’ਚ ਆਈਸੀਯੂ ਬੈੱਡਾਂ ਦੀ ਕਮੀ ਨੂੰ ਪੂਰਾ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਕਿ ਹਸਪਤਾਲਾਂ ’ਚ ਬੈੱਡਾਂ ਦੀ ਆ ਰਹੀ ਕਮੀ ਨੂੰ ਪੂਰਾ ਕਰਨ ਲਈ ਲੋੜੀਂਦੇ ਕਦਮ ਉਠਾਏ ਜਾਣਗੇ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕਰੋਨਾ ਤੋਂ ਨਜਿੱਠਣ ਲਈ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੌਮੀ ਰਾਜਧਾਨੀ ’ਚ ਹਾਲਾਤ ਬਹੁਤ ਮਾੜੇ ਹਨ। ਟੀਕਾਕਰਨ ਤੇ ਵੈਂਟੀਲੇਟਰਾਂ ਦੀ ਉਪਲਬਧਤਾ ਨਾਲ ਜੁੜੇ ਵੱਖ-ਵੱਖ ਪੱਖ ਵੀ ਇਸ ਮੌਕੇ ਵਿਚਾਰੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਰੇਮਡੇਸਿਵਰ ਦੀ ਸਪਲਾਈ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਮਨਜ਼ੂਰਸ਼ੁਦਾ ਮੈਡੀਕਲ ਆਕਸੀਜਨ ਪਲਾਂਟ ਤੇਜ਼ੀ ਨਾਲ ਸਥਾਪਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵੈਕਸੀਨ ਉਤਪਾਦਨ ਲਈ ਪੂਰੀ ਕੌਮੀ ਸਮਰੱਥਾ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਚ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਨੂੰ ਸ਼ਾਮਲ ਕੀਤਾ ਜਾਵੇ। ਇਸੇ ਦੇ ਨਾਲ ਹੀ ਉਨ੍ਹਾਂ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਚਿੰਤਾਵਾਂ ਬਾਰੇ ਸੰਵੇਦਨਸ਼ੀਲ ਹੋਣ ਤੇ ਸਰਗਰਮੀ ਨਾਲ ਕਦਮ ਚੁੱਕਣ ਦੀ ਲੋੜ ਉਤੇ ਜ਼ੋਰ ਦਿੱਤਾ। ਮੋਦੀ ਨੇ ਕਿਹਾ ਕਿ ਟੈਸਟ, ਸ਼ਨਾਖ਼ਤ ਤੇ ਉਸ ਤੋਂ ਬਾਅਦ ਇਲਾਜ, ਇਸ ਪ੍ਰਕਿਰਿਆ ਦਾ ਕੋਈ ਤੋੜ ਨਹੀਂ ਹੈ। ਉਨ੍ਹਾਂ ਸਥਿਤੀ ਦੀ ਬਿਲਕੁਲ ਨਾਲੋ-ਨਾਲ ਨਿਗਰਾਨੀ ਉਤੇ ਵੀ ਜ਼ੋਰ ਦਿੱਤਾ। ਮੋਦੀ ਨੇ ਕਿਹਾ ਕਿ ਰੇਮਡੇਸਿਵਰ ਤੇ ਹੋਰ ਦਵਾਈਆਂ ਦੀ ਵਰਤੋਂ ਹਦਾਇਤਾਂ ਮੁਤਾਬਕ ਹੀ ਕੀਤੀ ਜਾਵੇ। ਇਨ੍ਹਾਂ ਦੀ ਦੁਰਵਰਤੋਂ, ਕਾਲਾਬਾਜ਼ਾਰੀ ਸਖ਼ਤੀ ਨਾਲ ਰੋਕੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੱਖ-ਵੱਖ ਦਵਾਈਆਂ ਦੀ ਮੰਗ ਪੂਰਨ ਲਈ ਭਾਰਤ ਦੀ ਫਾਰਮਾ ਸਨਅਤ ਦੀ ਸਾਰੀ ਸਮਰੱਥਾ ਨੂੰ ਵਰਤਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸੂਬਿਆਂ ਨਾਲ ਨੇੜਿਓਂ ਤਾਲਮੇਲ ਯਕੀਨੀ ਬਣਾਇਆ ਜਾਵੇ। -ਪੀਟੀਆਈ
ਦੇਸ਼ ’ਚ ਇੱਕ ਦਿਨ ਅੰਦਰ ਸਭ ਤੋਂ ਵੱਧ 1341 ਮੌਤਾਂ
ਨਵੀਂ ਦਿੱਲੀ: ਭਾਰਤ ’ਚ ਕਰੋਨਾਵਾਇਰਸ ਦੇ ਰਿਕਾਰਡ 2,34,692 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਹੁਣ ਤੱਕ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 1,45,26,609 ਹੋ ਗਈ ਹੈ ਜਦਕਿ ਇੱਕ ਦਿਨ ’ਚ ਸਭ ਤੋਂ ਵੱਧ 1341 ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 1,75,649 ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਵੱਧ ਹੋ ਗਈ ਹੈ ਜੋ ਕਿ ਕੁੱਲ ਕੇਸਾਂ ਦਾ 11.56 ਫੀਸਦ ਹਿੱਸਾ ਹੈ ਜਦਕਿ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਹੇਠਾਂ ਜਾ ਕੇ 87.23 ਫੀਸਦ ਰਹਿ ਗਈ ਹੈ। ਇਸ ਬਿਮਾਰੀ ਤੋਂ ਹੁਣ ਤੱਕ 1,26,71,220 ਲੋਕ ਉੱਭਰ ਚੁੱਕੇ ਹਨ ਅਤੇ ਮੌਤ ਦਰ ਘੱਟ ਕੇ 1.21 ਫੀਸਦ ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ ’ਚ 63,729, ਉੱਤਰ ਪ੍ਰਦੇਸ਼ ’ਚ 27,426 ਅਤੇ ਦਿੱਲੀ ’ਚ 19,486 ਨਵੇਂ ਕੇਸ ਸਾਹਮਣੇ ਆਏ ਹਨ। ਪੱਛਮੀ ਬੰਗਾਲ ’ਚ ਵੀ ਹੁਣ ਤੱਕ ਦੇ ਸਭ ਤੋਂ ਵੱਧ 6910 ਕੇਸ ਸਾਹਮਣੇ ਆਏ ਹਨ। -ਪੀਟੀਆਈ
ਪੰਜਾਬ ਵਿੱਚ ਕਰੋਨਾ ਨਾਲ 64 ਹੋਰ ਮੌਤਾਂ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾ ਕਾਰਨ ਪਿਛਲੇ 24 ਘੰਟਿਆਂ ਵਿੱਚ 64 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 4498 ਨਵੇਂ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਤੱਕ ਕਰੋਨਾ ਕਾਰਨ 7834 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਮੁਹਾਲੀ ਵਿੱਚ 10, ਪਟਿਆਲਾ ਵਿੱਚ 7, ਗੁਰਦਾਸਪੁਰ, ਲੁਧਿਆਣਾ ਤੇ ਅੰਮ੍ਰਿਤਸਰ ਵਿੱਚ 6-6, ਤਰਨ ਤਾਰਨ, ਬਠਿੰਡਾ, ਹੁਸ਼ਿਆਰਪੁਰ ਤੇ ਜਲੰਧਰ ’ਚ 4-4, ਫਿਰੋਜ਼ਪੁਰ ਵਿੱਚ 3 ਕਪੂਰਥਲਾ, ਮੁਕਤਸਰ ਤੇ ਪਠਾਨਕੋਟ ਵਿੱਚ 2-2, ਬਰਨਾਲਾ, ਰੋਪੜ, ਸੰਗਰੂਰ ਤੇ ਮਾਨਸਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਸੂਬੇ ’ਚ ਇਸ ਸਮੇਂ ਕਰੋਨਾ ਦੇ ਕੁੱਲ ਕੇਸ 2 ਲੱਖ 95 ਹਜ਼ਾਰ ਤੋਂ ਵੱਧ ਹਨ ਜਦਕਿ 2 ਲੱਖ 54 ਹਜ਼ਾਰ ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਕਰੋਨਾ ਨਾਲ ਨਜਿੱਠਣ ਵਿੱਚ ਨਾਕਾਮ: ਸੋਨੀਆ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪੂਰਾ ਇੱਕ ਸਾਲ ਬੀਤਣ ਦੇ ਬਾਵਜੂਦ ਮੋਦੀ ਸਰਕਾਰ ਕਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ ਕਰਨ ’ਚ ਨਾਕਾਮ ਰਹੀ ਹੈ ਜਿਸ ਕਾਰਨ ਦੇਸ਼ ਮੁੜ ਵਾਇਰਸ ਦੀ ਲਪੇਟ ’ਚ ਆ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਕਿ ਕਰੋਨਾ ਟੀਕਾਕਰਨ ਲਈ ਸਮਾਂ ਸੀਮਾ ਘਟਾ ਕੇ 25 ਸਾਲ ਕੀਤੀ ਜਾਵੇ ਅਤੇ ਦਮਾ, ਸ਼ੂਗਰ ਤੇ ਕੁਝ ਹੋਰ ਬਿਮਾਰੀਆਂ ਤੋਂ ਪੀੜਤ ਨੌਜਵਾਨਾਂ ਨੂੰ ਪਹਿਲ ਦੇ ਆਧਾਰ ’ਤੇ ਟੀਕਾ ਲਗਾਇਆ ਜਾਵੇ। ਕਰੋਨਾ ਦੇ ਹਾਲਾਤ ਬਾਰੇ ਸਮੀਖਿਆ ਕਰਨ ਲਈ ਰੱਖੀ ਗਈ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਕੁਝ ਸੂਬਿਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਤੇ ਵਿਰੋਧੀ ਪਾਰਟੀਆਂ ਦੀ ਸਰਕਾਰ ਵਾਲੇ ਸੂਬਿਆਂ ਦੀਆਂ ਮੰਗਾਂ ’ਤੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਇਹ ਮੰਨਿਆ ਹੈ ਕਿ ਕੋਵਿਡ-19 ਇੱਕ ਕੌਮੀ ਚੁਣੌਤੀ ਹੈ ਅਤੇ ਇਸ ਨਾਲ ਸਿਆਸਤ ਤੋਂ ਉੱਪਰ ਉਠ ਕੇ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਅਸੀਂ ਫਰਵਰੀ-ਮਾਰਚ 2020 ਤੋਂ ਹੀ ਸਹਿਯੋਗ ਲਈ ਹੱਥ ਵਧਾਏ ਹੋਏ ਹਨ। ਅਸੀਂ ਇਸ ਤੱਥ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿ ਕੋਵਿਡ-19 ਦੀ ਦੂਜੀ ਲਹਿਰ ਦੇਸ਼ ’ਚ ਫੈਲ ਚੁੱਕੀ ਹੈ। ਪੂਰਾ ਇੱਕ ਸਾਲ ਤਿਆਰੀਆਂ ਲਈ ਮਿਲਣ ਦੇ ਬਾਵਜੂਦ ਅਸੀਂ ਮੁੜ ਕਰੋਨਾ ਦੀ ਲਪੇਟ ’ਚ ਆ ਗਏ ਹਾਂ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਸਹੀ ਵਿਚਾਰ ਸੁਣਨ ਦੀ ਥਾਂ ਕੇਂਦਰੀ ਮੰਤਰੀ ਸਰਕਾਰ ਨੂੰ ਸਲਾਹ ਦੇਣ ਵਾਲੇ ਵਿਰੋਧੀ ਧਿਰ ਦੇ ਆਗੂਆਂ ’ਤੇ ਹਮਲੇ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ‘ਮੈਂ ਬਨਾਮ ਤੂੰ’ ਦੀ ਲੜਾਈ ਬੇਮਾਅਨੀ ਤੇ ਬਚਗਾਨੀ ਹੈ। -ਪੀਟੀਆਈ
ਕੇਂਦਰ ਸਰਕਾਰ ਦਾ ਰਵੱਈਆ ਹੰਕਾਰੀ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ’ਤੇ ਦੋਸ਼ ਲਾਇਆ ਕਿ ਸਰਕਾਰ ਦਾ ਹੰਕਾਰੀ ਤੇ ਸੱਚ ਨੂੰ ਦਬਾਉਣ ਵਾਲਾ ਰਵੱਈਆ ਲੋਕਾਂ ਨੂੰ ਕਤਲ ਕਰ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਟੀਕਾਕਰਨ ਬਾਰੇ ਸਪੱਸ਼ਟ ਰਣਨੀਤੀ ਅਤੇ ਆਮਦਨ ’ਚ ਮਦਦ ਹੀ ਕਰੋਨਾ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾ ਸਕਦੀ ਹੈ। ਉਨ੍ਹਾਂ ਕਿਹਾ, ‘ਇਹ ਇਸ ਸਰਕਾਰ ਦਾ ਸੁਭਾਅ ਹੈ ਤੇ ਇਹੀ ਉਨ੍ਹਾਂ ਦਾ ਕੰਮ ਕਰਨ ਦਾ ਢੰਗ ਹੈ ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ।’ -ਪੀਟੀਆਈ