ਨਵੀਂ ਦਿੱਲੀ, 21 ਜੁਲਾਈ
ਸ਼ਿਵ ਸੈਨਾ ਦੇ ਸੀਨੀਅਰ ਆਗੂ ਵਿਨਾਇਕ ਰਾਊਤ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਰਾਹੁਲ ਸ਼ਿਵਾਲੇ ਨੂੰ ਸਦਨ ਵਿੱਚ ਸ਼ਿਵ ਸੈਨਾ ਦੇ ਵਿਧਾਇਕ ਦਲ ਦਾ ਨੇਤਾ ਬਣਾਉਣ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਐਲਾਨ ਕੀਤਾ ਕਿ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਇੱਥੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਰਾਊਤ ਨੇ ਕਿਹਾ, ‘‘ਲੋਕ ਸਭਾ ਸਕੱਤਰੇਤ ਵੱਲੋਂ ਸਾਨੂੰ ਨਿਆਂ ਦੇਣ ਤੋਂ ਟਾਲਾ ਵੱਟਿਆ ਗਿਆ ਹੈ। ਸੰਸਦ ਵਿੱਚ ਮੈਂ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦਾ ਨੇਤਾ ਹਾਂ। ਇਸ ਫ਼ੈਸਲੇ ਖ਼ਿਲਾਫ਼ ਅਸੀਂ ਸੁਪਰੀਮ ਕੋਰਟ ਜਾਵਾਂਗੇ।’’
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਸੰਸਦੀ ਪਾਰਟੀ ਵੱਲੋਂ ਲੋਕ ਸਭਾ ਸਕੱਤਰੇਤ ਵਿੱਚ ਦੋ ਪੱਤਰ ਦਿੱਤੇ ਗਏ ਸਨ। ਇਕ ਪੱਤਰ 6 ਜੁਲਾਈ ਨੂੰ ਇਹ ਸੂਚਿਤ ਕਰਨ ਲਈ ਦਿੱਤਾ ਗਿਆ ਸੀ ਕਿ ਭਾਵਨਾ ਗਾਵਲੀ ਦੀ ਥਾਂ ਰਾਜਨ ਵਿਚਰੇ ਨੂੰ ਪਾਰਟੀ ਦਾ ਚੀਫ ਵ੍ਹੀਪ ਨਿਯੁਕਤ ਕੀਤਾ ਗਿਆ ਹੈ ਅਤੇ 18 ਜੁਲਾਈ ਨੂੰ ਦੂਜਾ ਪੱਤਰ ਦੇ ਕੇ ਸਪੀਕਰ ਨੂੰ ਅਪੀਲ ਕੀਤੀ ਗਈ ਸੀ ਕਿ ਵਿਰੋਧੀ ਧੜੇ ਦੀ ਕਿਸੇ ਵੀ ਤਰ੍ਹਾਂ ਦੀ ਅਰਜ਼ੀ ਜਾਂ ਪੱਤਰ ਨੂੰ ਵਿਚਾਰਿਆ ਨਾ ਜਾਵੇ। ਰਾਊਤ ਨੇ ਕਿਹਾ, ‘‘ਲੋਕ ਸਭਾ ਅਧਿਕਾਰੀਆਂ ਨੇ ਬਿਨਾਂ ਸਾਡਾ ਪੱਖ ਸੁਣੇ ਇੱਕਪਾਸੜ ਫ਼ੈਸਲਾ ਸੁਣਾ ਦਿੱਤਾ ਹੈ।’’ ਜ਼ਿਕਰਯੋਗ ਹੈ ਕਿ ਰਾਊਤ ਨੂੰ 2019 ਵਿੱਚ ਪਾਰਟੀ ਦੇ ਮੁਖੀ ਊਧਵ ਠਾਕਰੇ ਵੱਲੋਂ ਲੋਕ ਸਭਾ ’ਚ ਸ਼ਿਵ ਸੈਨਾ ਦੇ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ ਗਿਆ ਸੀ। -ਪੀਟੀਆਈ