ਕੋਲਕਾਤਾ, 7 ਜੂਨ
ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੀਆਂ ਪੈੜਾਂ ਦੇਸ਼ ਦੇ ਹਰ ਕੋਨੇ ਵਿੱਚ ਛੱਡਣ ਦਾ ਇਰਾਦਾ ਰੱਖਦੀ ਹੈ ਤੇ ਇਸ ਟੀਚੇ ਦੀ ਪ੍ਰਾਪਤੀ ਲਈ ਯੋਜਨਾ ਇਕ ਮਹੀਨੇ ਅੰਦਰ ਤਿਆਰ ਹੋ ਜਾਵੇਗੀ। ਟੀਐੱਮਸੀ ਸੁਪਰੀਮੋ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰੇਕ ਸੂਬੇ, ਜਿੱਥੇ ਉਨ੍ਹਾਂ ਨੂੰ ਪੈਰ ਰੱਖਣ ਦੀ ਥਾਂ ਮਿਲਦੀ ਹੈ, ਵਿੱਚ ਭਾਜਪਾ ਨਾਲ ਸਿੱਧਾ ਮੱਥਾ ਲਾਏਗੀ। ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਅਭਿਸ਼ੇਕ ਨੇ ‘ਕੁਨਬਾਪ੍ਰਸਤੀ’ ਦੇ ਲਾਏ ਜਾਂਦੇ ਦੋਸ਼ਾਂ ਲਈ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪਰਿਵਾਰ ਦੇ ਸਿਰਫ਼ ਇਕ ਜੀਅ ਨੂੰ ਸਿਆਸਤ ਵਿੱਚ ਦਾਖ਼ਲੇ ਸਬੰਧੀ ਬਿੱਲ ਸੰਸਦ ਵਿੱਚ ਪਾਸ ਹੁੰਦਾ ਹੈ ਤਾਂ ਉਹ ਪਾਰਟੀ ਤੋਂ ਅਸਤੀਫ਼ਾ ਦੇ ਦੇਣਗੇ। ਅਭਿਸ਼ੇਕ ਨੇ ਸਾਫ਼ ਕਰ ਦਿੱਤਾ ਕਿ ਉਸ ਦਾ ਅਗਲੇ 20 ਸਾਲਾਂ ਲਈ ਕੋਈ ਸਰਕਾਰੀ ਅਹੁਦਾ ਲੈਣ ਜਾਂ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਹੈ ਤੇ ਉਹ ਸਿਰਫ਼ ਆਪਣੀ ਪਾਰਟੀ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦਾ ਹੈ। -ਪੀਟੀਆਈ