ਅਹਿਮਦਾਬਾਦ, 4 ਜੁਲਾਈ
ਇਸ ਵਰ੍ਹੇ ਹੋਣ ਵਾਲੀਆਂ ਗੁਜਰਾਤ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਹ ਭ੍ਰਿਸ਼ਟਾਚਾਰ, ਖੇਤੀਬਾੜੀ ਤੇ ਐੱਮਐੱਸਪੀ ਜਿਹੇ ਮੁੱਦਿਆਂ ’ਤੇ ਲੋਕਾਂ ਨਾਲ ਗੱਲਬਾਤ ਕਰਨ ਲਈ ਹਰ ਹਫ਼ਤੇ ਸੂਬੇ ਦਾ ਦੌਰਾ ਕਰਨਗੇ ਤੇ ਦਾਅਵਾ ਕੀਤਾ ਕਿ ਜੇਕਰ ਲੋਕ ਸੱਤਾ ’ਚ ਇੱਕ ਇਮਾਨਦਾਰ ਪਾਰਟੀ ਨੂੰ ਲਿਆਉਣ ਤਾਂ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਉਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਦਿੱਲੀ ਤੇ ਪੰਜਾਬ ’ਚ ਵਾਅਦੇ ਪੂਰੇ ਕਰ ਕੇ ਦਿਖਾਏ ਹਨ। ਬਿਜਲੀ ਦੇ ਮੁੱਦੇ ’ਤੇ ਸੱਦੀ ਇੱਕ ਮੀਟਿੰਗ ’ਚ ਸ੍ਰੀ ਕੇਜਰੀਵਾਲ ਨੇ ਕਿਹਾ,‘ਗੁਜਰਾਤ ਨੂੰ ਵੀ ਸਸਤੀ, ਮੁਫ਼ਤ ਤੇ 24 ਘੰਟੇ ਬਿਜਲੀ ਮਿਲ ਸਕਦੀ ਹੈ, ਪਰ ਸ਼ਰਤ ਸਿਰਫ਼ ਇੱਕੋ ਹੈ ਕਿ ਤੁਹਾਨੂੰ ਰਾਜਨੀਤੀ ਤੇ ਸਰਕਾਰ ਬਦਲਣੀ ਪਏਗੀ ਅਤੇ ਇੱਕ ਇਮਾਨਦਾਰ ਪਾਰਟੀ ਨੂੰ ਅੱਗੇ ਲਿਆਉਣਾ ਪਵੇਗਾ… ਮੈਂ ਗੁਜਰਾਤ ਦੀ ਬਿਜਲੀ ਦੀ ਸਮੱਸਿਆ ਬਾਰੇ ਹੱਲ ਲੈ ਕੇ ਐਤਵਾਰ ਨੂੰ ਵਾਪਸ ਆਵਾਂਗਾ।’
ਇਸ ਦੌਰਾਨ ਜਦੋਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕੀਤਾ ਤਾਂ ‘ਆਪ’ ਆਗੂ ਨੇ ਕਿਹਾ ਕਿ ਉਹ ਇਨ੍ਹਾਂ ਬਾਰੇ ਵੱਖਰੇ ਤੌਰ ’ਤੇ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਗੁਜਰਾਤ ਦੇ ਮੰਤਰੀ ਹਜ਼ਾਰਾਂ ਯੂਨਿਟ ਦੀ ਖਪਤ ਦੇ ਬਾਵਜੂਦ ਜ਼ੀਰੋ ਬਿਜਲੀ ਬਿੱਲ ਦਾ ਲਾਭ ਲੈ ਸਕਦੇ ਹਨ ਤਾਂ ਆਮ ਲੋਕ ਕਿਉਂ ਨਹੀਂ? ਜੇਕਰ ਗੁਜਰਾਤ ਵਿੱਚ ਰਾਤ ਨੂੰ ਕਿਸਾਨਾਂ ਨੂੰ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਤਾਂ ਮੰਤਰੀਆਂ ਨੂੰ ਵੀ ਸਕੱਤਰੇਤ ’ਚ ਕੁਝ ਸਮਾਂ ਰਾਤ ਸਮੇਂ ਕੰਮ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਹ ਇੱਕ ਕਿਸਾਨ ਵੱਲੋਂ ਰਾਤ ਸਮੇਂ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਬਾਰੇ ਚੁੱਕੇ ਮੁੱਦੇ ਸਬੰਧੀ ਜੁਆਬ ਦੇ ਰਹੇ ਸਨ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਿਆਂ ਭਾਜਪਾ ਆਗੂਆਂ ’ਤੇ ਝੂਠ ਬੋਲਣ ਦਾ ਦੋਸ਼ ਵੀ ਲਾਇਆ ਜਿਨ੍ਹਾਂ ਵੱਲੋਂ ਗੁਜਰਾਤ ਵਿੱਚ ਕੋਈ ਬਿਜਲੀ ਕੱਟ ਨਾ ਲੱਗਣ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ। -ਪੀਟੀਆਈ