ਨਵੀਂ ਦਿੱਲੀ, 20 ਜੁਲਾਈ
‘ਦਿ ਇੰਡੀਅਨ ਕਮਰਸ਼ੀਅਲ ਪਾਇਲਟ ਐਸੋਸੀਏਸ਼ਨ’ ਨੇ ਏਅਰ ਇੰਡੀਆ ਮੈਨੇਜਮੈਂਟ ਨੂੰ ਦੱਸਿਆ ਹੈ ਕਿ ਤਨਖ਼ਾਹ ਸਬੰਧੀ ਸਮਝੌਤੇ ’ਚ ਹੁਣ ਏਅਰ ਇੰਡੀਆ ਵੱਲੋਂ ਕਿਸੇ ਕਿਸਮ ਦੀ ਤਬਦੀਲੀ ਗੈਰਕਾਨੂੰਨੀ ਹੋਵੇਗਾ ਅਤੇ ਇਸ ਔਖੇ ਸਮੇਂ ਕਿਸੇ ਵੀ ਤਰ੍ਹਾਂ ਸਰਕਾਰੀ ਏਜੰਸੀ ਦੇ ਹਿੱਤ ’ਚ ਨਹੀਂ ਹੋਵੇਗੀ। ਏਅਰ ਇੰਡੀਆ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਾਂਸਲ ਨੂੰ ਪੱਤਰ ਲਿਖਦਿਆਂ ਆਈਸੀਪੀਏ ਨੇ ਚਿਤਾਵਨੀ ਦਿੱਤੀ ਕਿ ਅਜਿਹੀ ਸਥਿਤੀ ਦੇ ਪ੍ਰਭਾਵ ਅਣਕਿਆਸੇ ਹੋ ਸਕਦੇ ਹਨ। ਜਥੇਬੰਦੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ 16 ਜੁਲਾਈ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਕਿਹਾ ਗਿਆ ਸੀ ਕਿ ‘ਅਸੀਂ ਪਾਇਲਟਾਂ ਨਾਲ ਗੱਲਬਾਤ ਕਰ ਰਹੇ ਹਾਂ’, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ। ਇਹ ਕਿਸੇ ਕਿਸਮ ਦੀ ਆਪਸੀ ਗੱਲਬਾਤ ਨਹੀਂ ਸੀ ਜਦਕਿ ਮੰਤਰਾਲੇ ਦਾ ਫ਼ਰਮਾਨ ਸੀ, ਜੋ ਸਾਨੂੰ ਦੱਸ ਦਿੱਤਾ ਗਿਆ ਸੀ।’ -ਆਈਏਐੱਨਐੱਸ
ਸਕੀਮ ‘ਸਵੈ-ਇੱਛੁਕ’ ਨਹੀਂ: ਬਰਾਇਨ
ਨਵੀਂ ਦਿੱਲੀ: ਏਅਰ ਇੰਡੀਆ ਦੇ ਬਿਨਾਂ ਤਨਖ਼ਾਹ ਛੁੱਟੀ ਲੈਣ ਵਾਲਾ ਨਿਯਮ ਵਾਪਸ ਲੈਣ ਦੀ ਮੰਗ ਕਰਨ ਦੇ ਇੱਕ ਦਿਨ ਬਾਅਦ ਸੀਨੀਅਰ ਤ੍ਰਿਣਮੂਲ ਕਾਂਗਰਸ ਆਗੂ ਡੈਰੈੱਕ ਓ’ਬਰਾਇਨ ਨੇ ਮੁੜ ਜ਼ੋਰ ਦਿੰਦਿਆਂ ਦਾਅਵਾ ਕੀਤਾ ਕਿ ਸਕੀਮ ‘ਸਵੈ-ਇੱਛੁਕ’ ਨਹੀਂ ਹੈ ਅਤੇ ਏਅਰਲਾਈਨਜ਼ ਦੇ ਮੀਮੋ ਅਤੇ ਪ੍ਰੈੱਸ ਰਿਲੀਜ਼ ਆਪਸ ’ਚ ਵਿਰੋਧੀ ਜਾਪਦੇ ਹਨ। -ਪੀਟੀਆਈ
ਏਅਰ ਇੰਡੀਆ ਦੀ ‘ਬਿਨਾਂ ਤਨਖ਼ਾਹ ਛੁੱਟੀ’ ਯੋਜਨਾ ਦਾ ਵਿਰੋਧ
ਮੁੰਬਈ: ਏਅਰ ਇੰਡੀਆ ਦੀ ‘ਬਿਨਾ ਤਨਖ਼ਾਹ ਛੁੱਟੀ’ ਸਕੀਮ ਸਬੰਧੀ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਮਹਾਰਾਸ਼ਟਰ ਯੂਥ ਕਾਂਗਰਸ ਨੇ ਮੰਗ ਕੀਤੀ ਕਿ ਇਸ ਗੈਰਕਾਨੂੰਨੀ ਨਿਯਮ ਨੂੰ ਵਾਪਸ ਲਿਆ ਜਾਵੇ। ਜਾਣਕਾਰੀ ਮੁਤਾਬਕ ਏਅਰ ਇੰਡੀਆ ਨੇ ਗੁਣਵੱਤਾ, ਸਿਹਤ ਜਿਹੇ ਕਾਰਕਾਂ ਦੇ ਆਧਾਰ ’ਤੇ ਸਟਾਫ਼ ਦੀ ਪਛਾਣ ਕਰਨ ਦੀ ਪ੍ਰਕਿਰਿਆ ਆਰੰਭੀ ਹੈ, ਜਿਨ੍ਹਾਂ ਨੂੰ ਪੰਜ ਸਾਲਾਂ ਤੱਕ ਬਿਨਾਂ ਤਨਖ਼ਾਹ ਤੋਂ ਲਾਜ਼ਮੀ ਛੁੱਟੀ (ਐੱਲਡਬਲਿਊਪੀ) ’ਤੇ ਭੇਜਿਆ ਜਾਵੇਗਾ। ਸੂਬਾਈ ਯੂਥ ਵਿੰਗ ਦੇ ਮੁਖੀ ਸੱਤਿਆਜੀਤ ਤਾਂਬੇ ਤੇ ਯੂਨਿਟ ਦੇ ਬੁਲਾਰੇ ਲਾਤੋਯਾ ਫਰਨਜ਼-ਅਡਵਾਨੀ ਨੇ ਕਿਹਾ ਕਿ ਕੋਵਿਡ- ਹੀਰੋਆਂ ਨਾਲ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। -ਪੀਟੀਆਈ