ਗਾਂਧੀਨਗਰ, 18 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ‘ਆਲਮੀ ਪੱਧਰ ਦੀ ਦਰਜਾਬੰਦੀ’ ਵਿੱਚ ਯਕੀਨ ਨਹੀਂ ਰੱਖਦਾ, ਜਿੱਥੇ ਕੁਝ ਮੁੁਲਕਾਂ ਨੂੰ ਹੋਰਨਾਂ ਦੇ ਮੁਕਾਬਲੇ ਉੱਤਮ ਮੰਨਿਆ ਜਾਂਦਾ ਹੈ। ਭਾਰਤ-ਅਫ਼ਰੀਕਾ ਰੱਖਿਆ ਸੰਵਾਦ (ਆਈਏਡੀਡੀ-2022) ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਭਾਰਤ, ਅਫ਼ਰੀਕੀ ਮੁਲਕਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਹਮਾਇਤ ਦੇਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਹੈ। ਰੱਖਿਆ ਐਕਸਪੋ 2022 ਤੋਂ ਇਕਪਾਸੇ ਆਯੋਜਿਤ ਸਮਾਗਮ ਦੇ ਅਖੀਰ ਵਿੱਚ ਸਿਖਲਾਈ ਤੇ ਫ਼ੌਜੀ ਮਸ਼ਕਾਂ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ‘ਗਾਂਧੀਨਗਰ ਐਲਾਨਨਾਮੇ’ ਨੂੰ ਗ੍ਰਹਿਣ ਕੀਤਾ ਗਿਆ।
ਰੱਖਿਆ ਮੰਤਰੀ ਨੇ 19 ਮੁਲਕਾਂ ਦੇ ਆਪਣੇ ਹਮਰੁਤਬਾਵਾਂ ਸਣੇ 50 ਤੋਂ ਵੱਧ ਮੁਲਕਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਆਲਮੀ ਪੱਧਰ ਦੀ ਦਰਜਾਬੰਦੀ ਵਿਚ ਯਕੀਨ ਨਹੀਂ ਕਰਦਾ, ਜਿੱਥੇ ਕੁਝ ਮੁਲਕ ਨੂੰ ਹੋਰਨਾਂ ਦੇ ਮੁਕਾਬਲੇ ਬਿਹਤਰ ਮੰਨਿਆ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਦੇ ਕੌਮਾਂਤਰੀ ਰਿਸ਼ਤੇ ਮਨੁੱਖਾਂ ਦੀ ਬਰਾਬਰੀ ਤੇ ਉਨ੍ਹਾਂ ਦੇ ਗੌਰਵ ਦੇ ਮੂਲ ਸਾਰ ਨਾਲ ਜੁੜੇ ਹੋਏ ਹਨ, ਜੋ ਕਿ ਸਾਡੇ ਪੁਰਾਤਨ ਵਿਸ਼ੇਸ਼ ਸੁਭਾਅ ਦਾ ਹਿੱਸਾ ਹੈ। ਅਸੀਂ ਗਾਹਕ ਬਣਨ ਜਾਂ ਬਣਾਉਣ ਜਾਂ ਸੈਟੇਨਲਾਈਟ ਸਟੇਟ ਬਣਨ ਵਿੱਚ ਯਕੀਨ ਨਹੀਂ ਰੱਖਦੇ। ਅਤੇ ਜਦੋਂ ਅਸੀਂ ਕਿਸੇ ਮੁਲਕ ਨਾਲ ਭਾਈਵਾਲੀ ਪਾਉਂਦੇ ਹਾਂ, ਇਸ ਦਾ ਅਧਾਰ ਪ੍ਰਾਦੇਸ਼ਕ ਬਰਾਬਰੀ ਤੇ ਪ੍ਰਸਪਰ ਸਤਿਕਾਰ ਹੁੰਦਾ ਹੈ। ਭਾਰਤ, ਸਾਰੇ ਅਫ਼ਰੀਕੀ ਮੁਲਕਾਂ ਦੀਆਂ ਖਿੱਤੇ ਵਿੱਚ ਅਮਨ ਤੇ ਸਥਿਰਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਹੈ।’’ -ਪੀਟੀਆਈ
ਰੱਖਿਆ ਪ੍ਰਦਰਸ਼ਨੀ ਮੌਕੇ ਹਥਿਆਰਬੰਦ ਬਲਾਂ ਨੇ ਜੌਹਰ ਦਿਖਾਏ
ਅਹਿਮਦਾਬਾਦ: ਇੱਥੇ ਸੁਰੱਖਿਆ ਬਲਾਂ ਨੇ ਅੱਜ ਸਾਬਰਮਤੀ ਨਦੀ ਕੰਢੇ ਰੱਖਿਆ ਪ੍ਰਦਰਸ਼ਨੀ ‘ਡੇਫਐਕਸਪੋ’ ਦੇ ਹਿੱਸੇ ਵਜੋਂ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਰਤੀ ਜਲ ਸੈਨਾ ਦੇ ਮੈਰੀਨ ਕਮਾਂਡੋਜ਼ (ਮਾਰਕੋਜ਼), ਥਲ ਸੈਨਾ ਦੇ ਪੈਰਾ ਕਮਾਂਡੋਜ਼ ਤੇ ਭਾਰਤੀ ਹਵਾਈ ਸੈਨਾ ਦੀ ਸਾਰੰਗ ਟੀਮ ਨੇ ਜੌਹਰ ਦਿਖਾਏ। ਡੀਆਰਡੀਓ ਨੇ ਵੀ ਜੰਗੀ ਤਿਆਰੀਆਂ ਦਾ ਮੁਜ਼ਾਹਰਾ ਕੀਤਾ। ਇਸ ਤੋਂ ਇਲਾਵਾ ਭਾਰਤੀ ਤੱਟ ਰੱਖਿਅਕਾਂ ਨੇ ਵੀ ਬਚਾਅ ਤੇ ਰਾਹਤ ਕਾਰਜ ਕਰ ਕੇ ਦਿਖਾਏ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵ੍ਰਤ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਹਥਿਆਰਬੰਦ ਬਲਾਂ ਦੇ ਹਵਾਈ, ਜ਼ਮੀਨੀ ਤੇ ਪਾਣੀ ਨਾਲ ਜੁੜੇ ਅਪਰੇਸ਼ਨ ਲੋਕਾਂ ਨੂੰ ਦਿਖਾਏ ਗਏ। ਤਿੰਨਾਂ ਸੈਨਾਵਾਂ ਦੇ ਕਰਮੀਆਂ ਨੇ ਇਸ ਮੌਕੇ ਫਰੀਫਾਲ ਦਾ ਵੀ ਪ੍ਰਦਰਸ਼ਨ ਕੀਤਾ। ਪੈਰਾ ਤੇ ਮੈਰੀਨ ਕਮਾਂਡੋ ਇਕ ਹੈਲੀਕਾਪਟਰ ਤੋਂ ਇਸ ਮੌਕੇ ਕਿਸ਼ਤੀ ਵਿਚ ਬਿਹਤਰੀਨ ਢੰਗ ਨਾਲ ਉਤਰੇ। ਸਾਰੰਗ ਟੀਮ ਨੇ ‘ਹੇਲੋਬੈਟਿਕਸ’ ਦਾ ਪ੍ਰਦਰਸ਼ਨ ਕੀਤਾ।