ਨਵੀਂ ਦਿੱਲੀ, 11 ਨਵੰਬਰ
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਇਸ ਨੇ ਨਾ ਤਾਂ ਕਦੇ ਇਸ ਦੀ ਸਰਜ਼ਮੀਨ ’ਤੇ ਚੀਨ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਕਬਜ਼ੇ ਨੂੰ ਮੰਨਿਆ ਹੈ ਅਤੇ ਨਾ ਹੀ ਕਦੇ ਚੀਨ ਵੱਲੋਂ ਕੀਤੇ ਗਏ ਗੈਰ-ਸੰਗਤ ਦਾਅਵਿਆਂ ਨੂੰ ਹੀ ਮਾਨਤਾ ਦਿੱਤੀ ਹੈ। ਦਰਅਸਲ, ਅਮਰੀਕਾ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਵਿਵਾਦਤ ਇਲਾਕੇ ਵਿੱਚ 100 ਘਰਾਂ ਵਾਲਾ ਇੱਕ ਵੱਡਾ ਪਿੰਡ ਬਣਾਉਣ ਸਬੰਧੀ ਦਿੱਤੀ ਰਿਪੋਰਟ ਤੋਂ ਕੁਝ ਦਿਨਾਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਆਪਣੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਾਰੀਆਂ ਕਾਰਵਾਈਆਂ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਆਪਣੀ ਪ੍ਰਭੂਸੱਤਾ ਅਤੇ ਇਲਾਕਾਈ ਅਖੰਡਤਾ ਬਰਕਰਾਰ ਰੱਖਣ ਲਈ ਲੋੜੀਂਦੇ ਕਦਮ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਵੀ ਚੀਨ ਨਾਲ ਲੱਗਦੀ ਸਰਹੱਦ ਨੇੜਲੇ ਇਲਾਕਿਆਂ ਵਿੱਚ ਸੜਕਾਂ ਤੇ ਪੁਲਾਂ ਦੀ ਉਸਾਰੀ ਸਮੇਤ ਬੁਨਿਆਦੀ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ। ਸ੍ਰੀ ਬਾਗਚੀ ਨੇ ਕਿਹਾ ਉਨ੍ਹਾਂ ਅਮਰੀਕਾ ਦੇ ਰੱਖਿਆ ਵਿਭਾਗ ਵੱਲੋਂ ਉੱਥੋਂ ਦੀ ਸੰਸਦ ਵਿੱਚ ਚੀਨ ਵੱਲੋਂ ਭਾਰਤ-ਚੀਨ ਸਰਹੱਦ ਨੇੜਲੇ ਇਲਾਕਿਆਂ ਵਿੱਚ ਉਸਾਰੀ ਕਾਰਜਾਂ ਸਬੰਧੀ ਦਿੱਤੀ ਗਈ ਰਿਪੋਰਟ ’ਤੇ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਪਿਛਲੇ ਕੁਝ ਸਾਲਾਂ ਦੌਰਾਨ ਸਰਹੱਦੀ ਇਲਾਕਿਆਂ ਦੇ ਨਾਲ-ਨਾਲ ਇਸ ਵੱਲੋਂ ਕਈ ਦਹਾਕਿਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤੇ ਗਏ ਇਲਾਕਿਆਂ ਵਿੱਚ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ। ਉਹ ਇਸ ਮਾਮਲੇ ਸਬੰਧੀ ਪੁੱਛੇ ਇੱਕ ਸੁਆਲ ਦਾ ਜੁਆਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਅਰੁਣਾਚਲ ਪ੍ਰਦੇਸ਼ ਸਮੇਤ ਸਰਹੱਦੀ ਇਲਾਕਿਆਂ ਨੇੜੇ ਰਹਿ ਰਹੇ ਲੋਕਾਂ ਦੀ ਜ਼ਿੰਦਗੀ ’ਚ ਸੁਧਾਰ ਲਿਆਉਣ ਦੇ ਬੁਨਿਆਦੀ ਉਦੇਸ਼ ਪ੍ਰਤੀ ਸਮਰਪਿਤ ਹੈ। -ਪੀਟੀਆਈ