ਸ੍ਰੀਨਗਰ, 30 ਦਸੰਬਰ
ਹੈਦਰਪੋਰਾ ਮੁਕਾਬਲੇ ਦੀ ਜਾਂਚ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬਾਰੇ ਵਿਸ਼ੇਸ਼ ਜਾਂਚ ਟੀਮ ਵੱਲੋਂ ਸਿਆਸੀ ਆਗੂਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ ਦੇ ਹਵਾਲੇ ਨਾਲ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਆਗੂ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ‘ਡਰਾ ਧਮਕਾ ਕੇ ਸਾਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ ਤੇ ਅਜਿਹੇ ਡਰਾਵੇ ਕੰਮ ਨਹੀਂ ਆਉਣੇ।’ ਚੇਤੇ ਰਹੇ ਕਿ 15 ਨਵੰਬਰ ਨੂੰ ਹੈਦਰਪੋਰਾ ਵਿੱਚ ਹੋਏ ਮੁਕਾਬਲੇ ਦੌਰਾਨ ਇਕ ਪਾਕਿਸਤਾਨੀ ਦਹਿਸ਼ਤਗਰਦ ਤੇ ਤਿੰਨ ਹੋਰ ਵਿਅਕਤੀ ਮਾਰੇ ਗਏ ਸਨ। ਪੁਲੀਸ ਨੇ ਉਸ ਮੌਕੇ ਦਾਅਵਾ ਕੀਤਾ ਸੀ ਕਿ ਮਾਰੇ ਗਏ ਵਿਅਕਤੀਆਂ ਦਾ ਦਹਿਸ਼ਤਗਰਦਾਂ ਨਾਲ ਸਬੰਧ ਸੀ। ਹਾਲਾਂਕਿ ਪੀੜਤ ਪਰਿਵਾਰਾਂ ਨੇ ਦਾਅਵਾ ਕੀਤਾ ਸੀ ਕਿ ਤਿੰਨੇ ਨੌਜਵਾਨ ਬੇਕਸੂਰ ਹਨ, ਜਿਸ ਕਰਕੇ ਮੁਕਾਬਲੇ ਦੀ ਜਾਂਚ ਲਈ ਜੰਮੂ ਕਸ਼ਮੀਰ ਪੁਲੀਸ ਵੱਲੋਂ ‘ਸਿਟ’ ਗਠਿਤ ਕੀਤੀ ਗਈ ਸੀ। ਉਪ ਰਾਜਪਾਲ ਮਨੋਜ ਸਿਨਹਾ ਨੇ ਮੈਜਿਸਟਰੇਟੀ ਜਾਂਚ ਦੇ ਵੱਖਰੇ ਤੌਰ ’ਤੇ ਹੁਕਮ ਕੀਤੇ ਸਨ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਨੇ ਇਕ ਟਵੀਟ ਵਿੱਚ ਕਿਹਾ, ‘‘ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਿਟ ਦੀ ਜਾਂਚ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਮਹਿਜ਼ ਅਫ਼ਵਾਹਾਂ ਨਹੀਂ ਹਨ। ਅਸਲ ਵਿੱਚ ਇਹ ਤੱਥ ਆਧਾਰਿਤ ਹਨ। ਸੱਚ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਦੀ ਨਾਰਾਜ਼ਗੀ ਤੇ ਬੇਚੈਨੀ ਕਿਸੇ ਤੋਂ ਲੁਕੀ ਨਹੀਂ। ਡਰਾ ਧਮਕਾ ਤੇ ਕਾਰਵਾਈ ਦੀ ਚਿਤਾਵਨੀ ਦੇ ਕੇ ਸਾਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ। ਇਹ ਸਭ ਇਥੇ ਨਹੀਂ ਚੱਲਣਾ।’’ ਕਾਬਿਲੇਗੌਰ ਹੈ ਕਿ ਸਿਟ ਨੇ ਲੰਘੇ ਦਿਨ ਇਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਜਾਂਚ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਗ਼ਲਤ ਅਫ਼ਵਾਹਾਂ ਨਾਲ ਆਮ ਲੋਕਾਂ ਤੇ ਖਾਸ ਕਰਕੇ ਸਮਾਜ ਦੇ ਇਕ ਖਾਸ ਫਿਰਕੇ ਨੂੰ ਉਕਸਾਉਣ ਦੇ ਨਾਲ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ। ਸਿਟ ਚੇਅਰਮੈਨ ਨੇ ਕਿਹਾ, ‘ਅਜਿਹੀ ਪਹੁੰਚ ਕਾਨੂੰਨ ਦੀ ਖਿਲਾਫ਼ਵਰਜ਼ੀ ਹੈ ਤੇ ਕਾਨੂੰਨ ਵਿੱਚ ਅਜਿਹੀ ਪੇਸ਼ਕਦਮੀ ਲਈ ਸਜ਼ਾ ਦੀ ਵਿਵਸਥਾ ਹੈ।’’ -ਪੀਟੀਆਈ
ਮੁਕਾਬਲੇ ਦੀ ਨਿਆਂਇਕ ਜਾਂਚ ਹੋਵੇ: ਅਬਦੁੱਲਾ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸੁਰੱਖਿਆ ਬਲਾਂ ਨੂੰ ਹੈਦਰਪੋਰਾ ਮੁਕਾਬਲੇ ਲਈ ਦਿੱਤੀ ਕਲੀਨ ਚਿਟ ਨੂੰ ‘ਗ਼ਲਤ’ ਕਰਾਰ ਦਿੰਦਿਆਂ ਇਸ ਪੂਰੇ ਘਟਨਾਕ੍ਰਮ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਅਬਦੁੱਲਾ ਨੇ ਟੈਗੋਰ ਹਾਲ ਵਿੱਚ ਸਮਾਗਮ ਦੌਰਾਨ ਕਿਹਾ, ‘‘ਪੁਲੀਸ ਰਿਪੋਰਟ ਗ਼ਲਤ ਹੈ। ਪੁਲੀਸ ਨੇ ਆਪਣੀ ਚਮੜੀ ਬਚਾਉਣ ਲਈ ਇਹ ਸਭ ਕੁਝ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੀ ਹੱਤਿਆ ਕੀਤੀ ਤੇ ਇਸ ਬਾਰੇ ਕੋਈ ਸ਼ੱਕ ਸ਼ੁਬ੍ਹਾ ਨਹੀਂ ਹੈ।’ -ਪੀਟੀਆਈ
ਹੈਦਰਪੋਰਾ ਮੁਕਾਬਲਾ: ਲਾਸ਼ ਹਾਸਲ ਕਰਨ ਲਈ ਹਾਈ ਕੋਰਟ ’ਚ ਦਸਤਕ
ਜੰਮੂ: ਸ੍ਰੀਨਗਰ ਦੇ ਹੈਦਰਪੋਰਾ ਖੇਤਰ ਵਿੱਚ ਪਿਛਲੇ ਮਹੀਨੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਆਮਿਰ ਮਗਰੇ ਦੇ ਪਿਤਾ ਨੇ ਅੱਜ ਜੰਮੂ ਕਸ਼ਮੀਰ ਹਾਈ ਕੋਰਟ ਦਾ ਰੁਖ਼ ਕਰਦਿਆਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਵਾਪਸ ਕੀਤੇ ਜਾਣ ਦੀ ਅਪੀਲ ਕੀਤੀ ਹੈ। ਮੁਹੰਮਦ ਲਤੀਫ਼ ਨੇ ਆਪਣੇ ਵਕੀਲਾਂ ਰਾਹੀਂ ਦਾਇਰ 18 ਸਫ਼ਿਆਂ ਦੀ ਪਟੀਸ਼ਨ ਵਿੱਚ ਆਪਣੇ ਪੁੱਤਰ ਦੇ ‘ਬੇਕਸੂਰ’ ਹੋਣ ਤੇ ਪਰਿਵਾਰ ਵੱਲੋਂ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਪਾਏ ਯੋਗਦਾਨ ਦਾ ਵੀ ਹਵਾਲਾ ਦਿੱਤਾ ਹੈ। -ਪੀਟੀਆਈ