ਨਵੀਂ ਦਿੱਲੀ: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਕਾਂਗਰਸ ਨੇ ਅੱਜ ਕਿਹਾ ਕਿ ਚੋਣ ਨਤੀਜੇ ਪਾਰਟੀ ਦੀਆਂ ਉਮੀਦਾਂ ਤੋਂ ਉਲਟ ਹਨ ਪਰ ਉਹ ਲੋਕਾਂ ਦੇ ਫਤਵੇ ਨੂੰ ਕਬੂਲ ਕਰਦੇ ਹਨ। ਇਥੇ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਭਾਵੇਂ ਚੋਣਾਂ ਹਾਰ ਗਈ ਹੈ ਪਰ ਉਸ ਨੇ ਹੌਸਲਾ ਨਹੀਂ ਛੱਡਿਆ ਹੈ ਅਤੇ ਉਹ ਜਿੱਤਣ ਤੱਕ ਲੜਨਾ ਜਾਰੀ ਰੱਖੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅੰਤਰ-ਝਾਤ ਮਾਰੇਗੀ ਅਤੇ ਨਵੀਂ ਰਣਨੀਤੀ ਬਣਾ ਕੇ ਪਰਤੇਗੀ। ‘ਪਾਰਟੀ ਹਮੇਸ਼ਾ ਲੋਕਾਂ ਨਾਲ ਖੜ੍ਹੀ ਰਹੇਗੀ। ਅਸੀਂ ਮਹਿੰਗਾਈ, ਬੇਰੁਜ਼ਗਾਰੀ ਅਤੇ ਡੁੱਬਦੇ ਅਰਥਚਾਰੇ ਸਮੇਤ ਲੋਕਾਂ ਦੇ ਹੋਰ ਮੁੱਦਿਆਂ ਨੂੰ ਪਹਿਲਾਂ ਜਿਹੀ ਜ਼ਿੰਮੇਵਾਰੀ ਨਾਲ ਉਠਾਉਂਦੇ ਰਹਾਂਗੇ।’ ਸੁਰਜੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਰ ਦੇ ਕਾਰਨਾਂ ਦੀ ਪੜਚੋਲ ਕਰੇਗੀ, ਜਥੇਬੰਦੀ ’ਤੇ ਕੰਮ ਕਰੇਗੀ ਅਤੇ ਭਵਿੱਖ ’ਚ ਵਧੀਆ ਕਰਨ ਦੀ ਕੋਸ਼ਿਸ਼ ਕਰੇਗੀ। ‘ਅਸੀਂ ਨਿਰਾਸ਼ ਹਾਂ ਪਰ ਹੌਸਲੇ ਨਹੀਂ ਟੁੱਟੇ ਹਨ। ਅਸੀਂ ਸਿਰਫ਼ ਚੋਣਾਂ ਹਾਰੀਆਂ ਹਨ ਪਰ ਹੌਸਲਾ ਨਹੀਂ। ਅਸੀਂ ਕਿਤੇ ਜਾਣ ਵਾਲੇ ਨਹੀਂ ਹਾਂ ਅਤੇ ਜਦੋਂ ਤੱਕ ਜਿੱਤ ਨਹੀਂ ਜਾਂਦੇ, ਪਾਰਟੀ ਲੜਨਾ ਜਾਰੀ ਰੱਖੇਗੀ।’ ਕਾਂਗਰਸ ਆਗੂ ਨੇ ਕਿਹਾ ਕਿ ਪੰਜਾਬ ’ਚ ਪਾਰਟੀ ਨੇ ਨਰਮ, ਸਾਫ਼-ਸੁਥਰੀ ਅਤੇ ਧਰਾਤਲ ਨਾਲ ਜੁੜੀ ਲੀਡਰਸ਼ਿਪ ਦਿੱਤੀ ਸੀ ਪਰ ਉਹ ਅਮਰਿੰਦਰ ਸਿੰਘ ਸਰਕਾਰ ਦੇ ਸਾਢੇ ਚਾਰ ਸਾਲਾਂ ਦੀ ਸੱਤਾ ਵਿਰੋਧੀ ਲਹਿਰ ਨੂੰ ਤੋੜਨ ’ਚ ਨਾਕਾਮ ਰਹੀ ਅਤੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ਦੇ ਚੋਣ ਨਤੀਜੇ ਪਾਰਟੀ ਦੀਆਂ ਉਮੀਦਾਂ ਖ਼ਿਲਾਫ਼ ਆਏ ਹਨ। ‘ਪਾਰਟੀ ਉੱਤਰਾਖੰਡ, ਗੋਆ ਅਤੇ ਪੰਜਾਬ ’ਚ ਚੰਗੇ ਨਤੀਜਿਆਂ ਦੀ ਆਸ ਕਰ ਰਹੀ ਸੀ ਪਰ ਅਸੀਂ ਕਬੂਲ ਕਰਦੇ ਹਾਂ ਕਿ ਪਾਰਟੀ ਲੋਕਾਂ ਦਾ ਆਸ਼ੀਰਵਾਦ ਹਾਸਲ ਕਰਨ ’ਚ ਨਾਕਾਮ ਰਹੀ। ਅਸੀਂ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ’ਚ ਜਿੱਤ ਲਈ ਵਧਾਈ ਦਿੰਦੇ ਹਾਂ।’ -ਪੀਟੀਆਈ
ਕਾਂਗਰਸ ਵਰਕਰਾਂ ਨੇ ਹਾਰ ਦਾ ਠੀਕਰਾ ਵੋਟਿੰਗ ਮਸ਼ੀਨਾਂ ’ਤੇ ਭੰਨਿਆ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਕਾਂਗਰਸ ਵਰਕਰਾਂ ਨੇ ਪਾਰਟੀ ਦੀ ਹਾਰ ਦਾ ਠੀਕਰਾ ਵੋਟਿੰਗ ਮਸ਼ੀਨਾਂ ਉਪਰ ਫੋੜਿਆ ਹੈ। ਕਾਂਗਰਸ ਹੱਥੋਂ ਪੰਜਾਬ ਤੋਂ ਸੱਤਾ ਖੁਸ ਗਈ ਹੈ ਅਤੇ ਮਨੀਪੁਰ, ਉੱਤਰ ਪ੍ਰਦੇਸ਼, ਗੋਆ ਤੇ ਉੱਤਰਾਖੰਡ ਵਿੱਚ ਪਾਰਟੀ ਦੀ ਵੱਡੀ ਹਾਰ ਹੋਈ ਹੈ। ਕਾਂਗਰਸ ਵਰਕਰਾਂ ਨੇ ਵੀਰਵਾਰ ਨੂੰ ਦਿੱਲੀ ਸਥਿਤ ਪਾਰਟੀ ਦਫ਼ਤਰ ਦੇ ਬਾਹਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨਾਲ ਛੇੜਖਾਨੀ ਦਾ ਦੋਸ਼ ਲਗਾਉਂਦਿਆਂ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂ ਸਤੇਜ ਪਾਟਿਲ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ’ਚ ਸਰਕਾਰ ਬਣਾਉਣ ਦੀ ਉਮੀਦ ਸੀ ਪਰ ਲੋੜੀਂਦੇ ਨੰਬਰ ਨਹੀਂ ਮਿਲੇ। ਪਾਰਟੀ ਨੂੰ ਇਸ ਬਾਰੇ ਆਤਮ ਚਿੰਤਨ ਕਰਨਾ ਪਵੇਗਾ। ‘ਰਾਹੁਲ-ਪ੍ਰਿਯੰਕਾ ਗਾਂਧੀ ਸੈਨਾ’ ਦੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ‘ਈਵੀਐੱਮ ਨਾਲ ਹੋ ਰਹੀ ਲੋਕਤੰਤਰ ਦੀ ਹੱਤਿਆ’, ‘ਭਾਜਪਾ ਦਾ ਚੋਣਾਂ ਜਿੱਤਣ ਦਾ ਇਕ ਹੀ ਮੰਤਰ, ਈਵੀਐੱਮ ਤੇ ਡੀਐੱਮ’ ਵਰਗੇ ਨਾਅਰੇ ਵੀ ਲਾਏ।