ਨਵੀਂ ਦਿੱਲੀ, 11 ਜੂਨ
ਕੇਂਦਰ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਕੋਵਿਡ-19 ਵਿਰੋਧੀ ਵੈਕਸੀਨ ਇਕ ਜ਼ਰੂਰੀ ਜਨ ਸਿਹਤ ਵਸਤੂ ਹੈ ਜਿਸ ਦੀ ਦੁਨੀਆ ਭਰ ਵਿਚ ਘਾਟ ਹੈ ਅਤੇ ਇਸ ਵਾਸਤੇ ਇਸ ਦੀ ਬਰਬਾਦੀ ਹਰ ਹਾਲ ਵਿਚ ਘਟਣੀ ਚਾਹੀਦੀ ਹੈ ਜਾਂ ਘੱਟੋ-ਘੱਟ ਪੱਧਰ ’ਤੇ ਹੋਣੀ ਚਾਹੀਦੀ ਹੈ। ਵੈਕਸੀਨ ਦੀ ਬਰਬਾਦੀ ਘਟਣ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰਨ ਵਿਚ ਮਦਦ ਮਿਲੇਗੀ।
ਕੁਝ ਮੀਡੀਆ ਰਿਪੋਰਟਾਂ ਛਪੀਆਂ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਮੰਤਰਾਲੇ ਵੱਲੋਂ ਵੈਕਸੀਨ ਦੀ ਬਰਬਾਦੀ ਇਕ ਫ਼ੀਸਦ ਤੋਂ ਹੇਠਾਂ ਰੱਖਣ ’ਤੇ ਜ਼ੋਰ ਦਿੱਤਾ ਜਾਣਾ ਅਸਲ ਵਿਚ ਤਰਕਸੰਗਤ ਨਹੀਂ ਹੈ। ਇਸ ਸਬੰਧੀ ਮੰਤਰਾਲੇ ਨੇ ਕਿਹਾ ਕਿ ਕਈ ਸੂਬਿਆਂ ਨੇ ਵੈਕਸੀਨ ਦਾ ਪ੍ਰਬੰਧਨ ਕੁਝ ਇਸ ਤਰੀਕੇ ਨਾਲ ਕੀਤਾ ਹੈ ਕਿ ਉੱਥੇ ਨਾ ਸਿਰਫ਼ ਵੈਕਸੀਨ ਦੀ ਬਰਬਾਦੀ ਰੁਕੀ ਹੈ ਬਲਕਿ ਉਹ ਸ਼ੀਸ਼ੀਆਂ ਵਿਚੋਂ ਵਧੇਰੇ ਡੋਜ਼ ਕੱਢ ਰਹੇ ਹਨ ਅਤੇ ਜਿਸ ਕਰ ਕੇ ਵੈਕਸੀਨ ਦੀ ਬਰਬਾਦੀ ਬਿਲਕੁਲ ਖ਼ਤਮ ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਕਰੋਨਾ ਵਿਰੋਧੀ ਵੈਕਸੀਨ ਲੋਕਾਂ ਨੂੰ ਕਰੋਨਾਵਾਇਰਸ ਦੀ ਲਾਗ ਅਤੇ ਇਸ ਕਾਰਨ ਹੋਣ ਵਾਲੀ ਮੌਤ ਜਾਂ ਗੰਭੀਰ ਹਾਲਤ ਤੋਂ ਬਚਾਉਂਦੀ ਹੈ। ਸਿਹਤ ਮੰਤਰਾਲੇ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਵੈਕਸੀਨ ਸਬੰਧੀ ਝਿਜਕ ਇਕ ਸੰਸਾਰ ਪੱਧਰੀ ਸਮੱਸਿਆ ਹੈ ਅਤੇ ਇਸ ਦਾ ਹੱਲ ਵਿਗਿਆਨਕ ਅਧਿਐਨ ਅਤੇ ਸਮੁਦਾਇਕ ਪੱਧਰ ’ਤੇ ਕੀਤਾ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਉਹ ਇਸ ਸਬੰਧੀ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਨਾਲ ਮਿਲ ਕੇ ਵੀ ਕੰਮ ਕਰ ਰਹੇ ਹਨ। -ਪੀਟੀਆਈ