ਜੰਮੂ, 23 ਅਗਸਤ
ਇੱਥੇ ਇਕ ਵਿਸ਼ੇਸ਼ ਅਦਾਲਤ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਧੀ ਰੁਬੱਈਆ ਸਈਦ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਸਈਦ 1989 ਦੇ ਆਪਣੇ ਅਗਵਾ ਦੇ ਕੇਸ ’ਚ ਅਦਾਲਤ ਵਿਚ ਪੇਸ਼ ਨਹੀਂ ਹੋਈ। ਕੇਸ ਵਿਚ ਗਵਾਹ ਵਜੋਂ ਉਸ ਕੋਲੋਂ ਸਵਾਲ ਕੀਤੇ ਜਾਣੇ ਹਨ। ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐਲਐਫ) ਦਾ ਮੁਖੀ ਯਾਸੀਨ ਮਲਿਕ ਜੋ ਕਿ ਕੇਸ ਵਿਚ ਮੁਲਜ਼ਮ ਹੈ, ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ ਸੀ। ਮਲਿਕ ਨੇ ਇਕ ਵਾਰ ਫਿਰ ਅਦਾਲਤ ਤੋਂ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਦੀ ਮੰਗ ਕੀਤੀ ਤੇ ਕਾਨੂੰਨੀ ਮਦਦ ਦੀ ਕੋਰਟ ਵੱਲੋਂ ਕੀਤੀ ਪੇਸ਼ਕਸ਼ ਠੁਕਰਾ ਦਿੱਤੀ। ਜ਼ਿਕਰਯੋਗ ਹੈ ਕਿ 15 ਜੁਲਾਈ ਨੂੰ ਰੁਬੱਈਆ ਨੇ ਅਗਵਾ ਕੇਸ ’ਚ ਮਲਿਕ ਅਤੇ ਤਿੰਨ ਹੋਰਾਂ ਦੀ ਅਗਵਾਕਾਰਾਂ ਵਜੋਂ ਸ਼ਨਾਖ਼ਤ ਕਰ ਲਈ ਸੀ। ਜ਼ਿਕਰਯੋਗ ਹੈ ਕਿ ਜਦ ਸਈਦ ਨੂੰ ਅਗਵਾ ਕੀਤਾ ਗਿਆ ਸੀ ਤਾਂ ਉਸ ਵੇਲੇ ਉਸ ਦੇ ਪਿਤਾ ਮੁਫ਼ਤੀ ਮੁਹੰਮਦ ਕੇਂਦਰੀ ਗ੍ਰਹਿ ਮੰਤਰੀ ਸਨ। ਰੁਬੱਈਆ ਦੀ ਸੁਰੱਖਿਅਤ ਵਾਪਸੀ ਬਦਲੇ ਉਸ ਵੇਲੇ ਵੀਪੀ ਸਿੰਘ ਸਰਕਾਰ ਨੇ ਪੰਜ ਅਤਿਵਾਦੀ ਛੱਡੇ ਸਨ। -ਪੀਟੀਆਈ