ਨਵੀਂ ਦਿੱਲੀ (ਟਨਸ): ਦੇਸ਼ ਦੀ ਉੱਤਰੀ ਸਰਹੱਦ ’ਤੇ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਭਾਰਤੀ ਹਵਾਈ ਸੈਨਾ ਦੀ ਸਮਰੱਥਾ ਨੂੰ ਵਧਾਉਣ ਦੀਆਂ ਯੋਜਨਾਵਾਂ ਤਹਿਤ ਹਵਾਈ ਬੇਸ ਦੇ ਨਾਲ ਹੀ ਸੁਖੋਈ-30 ਐੱਮਕੇਆਈ ਜੰਗੀ ਜਹਾਜ਼ਾਂ ਅਤੇ ਐੱਮਆਈ 14 ਹੈਲੀਕਾਪਟਰਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋੋਂ ਇਲਾਵਾ ਜੰਗੀ ਜਹਾਜ਼ਾਂ, ਨਵੇਂ ਰਾਡਾਰ ਤੇ ਸਰਵੇਲੈਂਸ ਜਹਾਜ਼ਾਂ ਅਤੇ ਬਿਨਾਂ ਮਨੁੱਖ ਵਾਲੇ ਹਵਾਈ ਵਾਹਨਾਂ (ਯੂਏਵੀ) ਨੂੰ ਵੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਣਾ ਹੈ। ਭਾਰਤ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀ.ਆਰ.ਚੌਧਰੀ ਨੇ ਲੰਘੇ ਦਿਨ ਥਿੰਕ ਟੈਂਕ, ਯੂਨਾਈਟਿਡ ਸਰਵਸਿਜ਼ ਇੰਸਟੀਚਿਊਸ਼ਨ ਵਿਖੇ ਬੋਲਦਿਆਂ ਹਵਾਈ ਸੈਨਾ ਦੀਆਂ ਤਰਜੀਹਾਂ, ਦਰਪੇਸ਼ ਚੁਣੌਤੀਆਂ ਤੇ ਨਵੀਂ ਤਕਨੀਕਾਂ ਨੂੰ ਅਪਣਾਉਣ ਬਾਰੇ ਦੱਸਿਆ ਸੀ।