ਨਵੀਂ ਦਿੱਲੀ: ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਐਫਐਮ ਰੇਡੀਓ ਚੈਨਲਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਅਸ਼ਲੀਲ ਜਾਂ ਇਤਰਾਜ਼ਯੋਗ ਕੰਟੈਂਟ ਦੇ ਪ੍ਰਸਾਰਨ ਤੋਂ ਗੁਰੇਜ਼ ਕਰਨ। ਮੰਤਰਾਲੇ ਮੁਤਾਬਕ ਅਜਿਹਾ ਨਾ ਕਰਨ ’ਤੇ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਮੱਗਰੀ ਦਾ ਪ੍ਰਸਾਰਨ ਗਰਾਂਟ ਆਫ਼ ਪਰਮਿਸ਼ਨ ਐਗਰੀਮੈਂਟ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਐਫਐਮ ਰੇਡੀਓ ਚੈਨਲ ਇਸ ਤਰ੍ਹਾਂ ਦੇ ਕੰਟੈਂਟ ਦਾ ਵਧੇਰੇ ਪ੍ਰਸਾਰਨ ਕਰਦੇ ਹਨ। ਕਈ ਰੇਡੀਓ ਜੌਕੀ ਦੋਹਰੇ ਅਰਥਾਂ ਵਾਲੀ, ਅਪਮਾਨਜਨਕ ਤੇ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਉਹ ਕਈ ਵਾਰ ਸਾਖ਼ ਨੂੰ ਸੱਟ ਮਾਰਨ ਵਾਲੇ ਤੇ ਨਿਰਾਦਰ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕਰਦੇ ਹਨ ਜੋ ਕਿ ਚੰਗੇ ਨਹੀਂ ਲੱਗਦੇ। ਮੰਤਰਾਲੇ ਨੇ ਜੀਓਪੀਏ ਦੀ ਮੱਦ 7.6 ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਵੀ ਕੰਟੈਂਟ, ਸੁਨੇਹਾ, ਇਸ਼ਤਿਹਾਰ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ। -ਪੀਟੀਆਈ