ਪੂਨੇ, 6 ਸਤੰਬਰ
ਐੱਨਸੀਪੀ ਆਗੂ ਰਾਮਰਾਜੇ ਨਾਇਕ-ਨਿੰਬਲਕਰ ਨੇ ਕੋਵਿਡ-19 ਕੇਂਦਰ ਸਥਾਪਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਫਲਤਾਨ ’ਚ ਸਥਿਤ ਆਪਣਾ ਸ਼ਾਹੀ ਵਿਰਾਸਤੀ ਮਹਿਲ ਤੇ ਆਪਣਾ ਬੰਗਲਾ ਸੌਂਪਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਇਸ ਫ਼ੈਸਲੇ ਸਬੰਧੀ ਸਤਾਰਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਵੀ ਲਿਖਿਆ ਹੈ। ਇਸ ਸਬੰਧੀ ਉਨ੍ਹਾਂ ਏਜੰਸੀ ਨੂੰ ਦੱਸਿਆ,‘ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੋਨਗਾਓਂ ’ਚ ਸਥਿਤ ਬੰਗਲਾ- ਵਿਕਰਮ ਵਿਲਾਜ਼ ਤੇ ਫਲਤਾਨ ’ਚ ਸਥਿਤ ਇੱਕ ਵਿਰਾਸਤੀ ਮਹਿਲ- ਮੁਧੋਜੀ ਮਨਮੋਹਨ ਰਜਵਾੜਾ ਸੌਂਪਣ ਦੀ ਪੇਸ਼ਕਸ਼ ਕੀਤੀ ਹੈ।’ ਉਨ੍ਹਾਂ ਦੱਸਿਆ ਕਿ ਮਹਿਲ ਵਿੱਚ ਕਈ ਕਮਰੇ ਹਨ ਜਿਨ੍ਹਾਂ ਦੀ ਵਰਤੋਂ ਕੋਵਿਡ- 19 ਕੇਂਦਰ ਲਈ ਕੀਤੀ ਜਾ ਸਕਦੀ ਹੈ। ਪੇਂਡੂ ਇਲਾਕਿਆਂ ਵਿੱਚ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਬੁਨਿਆਦੀ ਢਾਂਚੇ ਦੀ ਘਾਟ ਹੈ, ਜਿਸ ਲਈ ਟਰੱਸਟ ਵੱਲੋਂ ਇਹ ਦੋਵੇਂ ਜਾਇਦਾਦਾਂ ਦੀ ਪੇਸ਼ਕਸ਼ ਕਰਨ ਬਾਰੇ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਹੋਰ ਲੋੜੀਂਦੀ ਮਦਦ ਵੀ ਮੁਹੱਈਆ ਕਰਵਾਈ ਜਾਵੇਗੀ। ਫਲਤਾਨ ਦੇ ਐੱਸਡੀਓ ਸ਼ਿਵਾਜੀ ਜਗਤਾਪ ਨੇ ਰਘੂਨਾਥ ਰਾਜੇ ਨਾਇਕ ਨਿਲੰਬਕਰ ਵੱਲੋਂ ਅਜਿਹਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸੰਸਥਾਵਾਂ ਤੇ ਵਿਅਕਤੀਆਂ ਦੀ ਮਦਦ ਨਾਲ ਆਕਸੀਜ਼ਨ ਦੀ ਸਹੂਲਤ ਵਾਲੇ ਬੈੱਡਾਂ ਨਾਲ ਵੱਖਰਾ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ। ਜਿੱਥੋਂ ਤੱਕ ਪ੍ਰਬੰਧਾਂ ਦਾ ਸਵਾਲ ਹੈ, ਇਹ ਕਾਫ਼ੀ ਹਨ।
-ਪੀਟੀਆਈ