ਸ੍ਰੀਨਗਰ, 3 ਫਰਵਰੀ
ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ਦੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਵਹੀਦ ਪਾਰਾ ਨੂੰ ਅਣਮਨੁੱਖੀ ਹਾਲਾਤ ’ਚ ਰੱਖਿਆ ਗਿਆ ਅਤੇ ਉਸ ਉੱਪਰ ਤਸ਼ੱਦਦ ਢਾਹਿਆ ਗਿਆ ਤਾਂ ਜੋ ਉਹ ਝੂਠੇ ਦੋਸ਼ਾਂ ਨੂੰ ਕਬੂਲ ਕਰ ਲਏ।
ਮਹਬਿੂਬਾ ਨੇ ਵੱਖ-ਵੱਖ ਟਵੀਟ ਕਰ ਕੇ ਕਿਹਾ, ਕਿ ਇਹ ਸ਼ਰਮਨਾਕ ਤੇ ਭਿਆਨਕ ਹੈ। ਅਜਿਹੀਆਂ ਕਾਰਵਾਈਆਂ ਨਾਲ ਬਦਨਾਮੀ ਹੁੰਦੀ ਹੈ ਅਤੇ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣ ਵਾਲੀਆਂ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲੱਗਦੀ ਹੈ। ਉਨ੍ਹਾਂ ਦੋਸ਼ ਲਗਾਇਆ, ‘‘ਜੰਮੂ ਕਸ਼ਮੀਰ ਸੀਆਈਡੀ ਵੀ ਉਨ੍ਹਾਂ ਕੇਂਦਰੀ ਏਜੰਸੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ ਜੋ ਕਸ਼ਮੀਰੀਆਂ ’ਚ ਦਹਿਸ਼ਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਝੂਠੇ ਕੇਸਾਂ ’ਚ ਫਸਾਉਣ ਦਾ ਕੰਮ ਕਰਦੀਆਂ ਹਨ। ਝੂਠੇ ਦੋਸ਼ ਕਬੂਲ ਕਰਵਾਉਣ ਲਈ ਵਹੀਦ ’ਤੇ ਵੀ ਤਸ਼ੱਦਦ ਢਾਹਿਆ ਗਿਆ। ਉਸ ਨੂੰ ਅਣਮਨੁੱਖੀ ਹਾਲਾਤ ’ਚ ਰੱਖਿਆ ਗਿਆ। ਇਹ ਜਾਂਚ ਫ਼ਰਜ਼ੀ ਹੈ ਅਤੇ ਪਹਿਲੇ ਦਿਨ ਤੋਂ ਹੀ ਸਿਆਸਤ ਤੋਂ ਪ੍ਰੇਰਿਤ ਹੈ।’’ ਜ਼ਿਕਰਯੋਗ ਹੈ ਕਿ ਪਾਰਾ ਨੂੰ ਅਤਿਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਾਂ ਦੇ ਦੋਸ਼ ਹੇਠ ਪਹਿਲਾਂ ਕੌਮੀ ਜਾਂਚ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਨਆਈਏ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਦੋ ਦਿਨ ਬਾਅਦ ਹੀ ਉਸ ਨੂੰ ਜੰਮੂ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹੁਣ ਤੱਕ ਉਹ ਹਿਰਾਸਤ ’ਚ ਹੀ ਹੈ। -ਪੀਟੀਆਈ
ਕਿਸਾਨ ਪ੍ਰਦਰਸ਼ਨ ਵਾਲੀ ਥਾਂ ਦੀ ਕਿਲਾਬੰਦੀ ਕਰਨ ਦੀ ਆਲੋਚਨਾ
ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਕੌਮੀ ਰਾਜਧਾਨੀ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਸੰਘਰਸ਼ ਵਾਲੀਆਂ ਥਾਵਾਂ ਦੀ ਪੁਲੀਸ ਵੱਲੋਂ ਕਈ ਪਰਤਾਂ ਵਿੱਚ ਕਿਲਾਬੰਦੀ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨ ਪ੍ਰਦਰਸ਼ਨ ਵਾਲੀਆਂ ਥਾਵਾਂ ਦੁਆਲੇ ਲਗਾਈਆਂ ਗਈਆਂ ਕੰਡਿਆਲੀ ਤਾਰਾਂ ਤੇ ਪੁੱਟੇ ਗਏ ਟੋਇਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹੀਆਂ ਚੀਜ਼ਾਂ ਤੋਂ ਕਸ਼ਮੀਰੀ ਚੰਗੀ ਤਰ੍ਹਾਂ ਵਾਕਿਫ਼ ਹਨ। ਉਨ੍ਹਾਂ ਟਵੀਟ ਕੀਤਾ, ‘‘ਸਾਡੇ ਕਿਸਾਨਾਂ ’ਤੇ ਢਾਹੇ ਗਏ ਜੁਲਮ ਦਾ ਦਰਦ ਅਸੀਂ ਸਮਝਦੇ ਹਾਂ ਅਤੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹਾਂ।’’ -ਪੀਟੀਆਈ