ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਦੋਸ਼ ਲਾਇਆ ਹੈ ਕਿ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦਾ ਯੂਥ ਆਗੂ ਵਹੀਦ-ਉਰ-ਰਹਿਮਾਨ ਪਾਰਾ ਹਥਿਆਰਾਂ ਦੀ ਨਾਜਾਇਜ਼ ਸਪਲਾਈ, ਦਹਿਸ਼ਤਗਰਦ ਜਥੇਬੰਦੀਆਂ ਨੂੰ ਫੰਡਿੰਗ ਵਿੱਚ ਸ਼ਾਮਲ ਹੈ। ਉਹ ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਗੁੱਟਾਂ ਵੱਲੋਂ ਆਪਣੇ ਵੱਖਵਾਦੀ ਏਜੰਡੇ ਦੇ ਪਸਾਰ ਵਾਸਤੇ ਜੰਮੂ-ਕਸ਼ਮੀਰ ਦੇ ਅਹਿਮ ਅਦਾਰਿਆਂ ’ਚ ਦਖ਼ਲਅੰਦਾਜ਼ੀ ਲਈ ਰਚੀਆਂ ਗਈਆਂ ਵੱਡੀਆਂ ਸਾਜ਼ਿਸ਼ਾਂ ’ਚ ਵੀ ਕਥਿਤ ਤੌਰ ’ਤੇ ਸ਼ਾਮਲ ਰਿਹਾ ਹੈ। ਐੱਨਆਈਏ ਵੱਲੋਂ ਅਤਿਵਾਦ ਫੰਡਿੰਗ ਕੇਸ ’ਚ ਜੰਮੂ ਅਦਾਲਤ ਵਿੱਚ ਦਾਖ਼ਲ ਸੱਜਰੇ ਦੋਸ਼ ਪੱਤਰ, ਜਿਸ ਵਿੱਚ ਸਾਬਕਾ ਡੀਐੱਸਪੀ ਦਵਿੰਦਰ ਸਿੰਘ ਵੀ ਸ਼ਾਮਲ ਹੈ, ਮੁਤਾਬਕ ਏਜੰਸੀ ਨੇ ਵਹੀਦ ਪਾਰਾ ਦੀਆਂ ਸਾਲ 2010 ਤੱਕ ਦੀਆਂ ਸਰਗਰਮੀਆਂ ਨੂੰ ਸੂਚੀਬੱਧ ਕੀਤਾ ਹੈ। ਇਸ ਵਿੱਚ ਦੋਸ਼ ਲਾਇਆ ਗਿਆ ਕਿ ਉਸ ਵੱਲੋਂ 20 ਤੋਂ 25 ਨੌਜਵਾਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਸੀ, ਜਿਹੜੇ ਪ੍ਰਦਰਸ਼ਨਾਂ ਦੌਰਾਨ ਉਸ ਦੀ ਕਥਿਤ ਸ਼ਹਿ ’ਤੇ ਪੱਥਰਬਾਜ਼ੀ ਕਰਦੇ ਸਨ। ਐੱਨਆਈਏ ਨੇ ਦੋਸ਼ ਲਾਇਆ ਇਹ ਸਭ ਪਾਰਾ ਵੱਲੋਂ ਪੀਡੀਪੀ ਤੋਂ ਆਪਣੇ ਲਈ ਸਿਆਸੀ ਲਾਹਾ ਖੱਟਣ ਵਾਸਤੇ ਕੀਤਾ ਗਿਆ ਸੀ। ਜੰਮੂ-ਕਸ਼ਮੀਰ ’ਚ ਪੀਡੀਪੀ 2010 ਵਿੱਚ ਵਿਰੋਧੀ ਧਿਰ ’ਚ ਸੀ। ਦੂਜੇ ਪਾਸੇ ਵਹੀਦ ਪਾਰਾ, ਜੋ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ, ਆਪਣੇ ’ਤੇ ਲੱਗੇ ਅਤਿਵਾਦੀਆਂ ਗੁੱਟਾਂ ’ਚ ਸ਼ਮੂਲੀਅਤ ਦੇ ਦੋਸ਼ਾਂ ’ਤੋਂ ਇਨਕਾਰ ਕਰ ਚੁੱਕਾ ਹੈ। ਪੀਡੀਪੀ ਵੀ ਕਹਿ ਚੁੱਕੀ ਹੈ ਕਿ ਇਹ ਕੇਸ ਸਿਰਫ ਭਾਜਪਾ ਦੀ ਹਮਾਇਤ ਪ੍ਰਾਪਤ ਪਾਰਟੀਆਂ ਨਾਲ ਸ਼ਾਮਲ ਹੋਣ ਤੋਂ ਇਨਕਾਰ ਕਰਨ ’ਤੇ ਦਰਜ ਕੀਤਾ ਗਿਆ ਹੈ। -ਪੀਟੀਆਈ