ਨਵੀਂ ਦਿੱਲੀ, 17 ਜੁਲਾਈ
ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਭਲਕੇ ਕਰੀਬ 4800 ਸੰਸਦ ਮੈਂਬਰ ਅਤੇ ਵਿਧਾਇਕ ਵੋਟਾਂ ਪਾਉਣਗੇ। ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਦਾ ਵਿਰੋਧੀ ਧਿਰ ਦੇ ਯਸ਼ਵੰਤ ਸਿਨਹਾ ਨਾਲੋਂ ਹੱਥ ਉਪਰ ਹੈ ਅਤੇ ਮੁਰਮੂ ਦੇ ਹੱਕ ’ਚ 60 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਪੈਣ ਦੀ ਸੰਭਾਵਨਾ ਹੈ। ਪੋਲਿੰਗ ਸੰਸਦ ਭਵਨ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਜਿਸ ਲਈ ਬੈਲੇਟ ਬਕਸੇ ਪਹਿਲਾਂ ਹੀ ਪਹੁੰਚ ਚੁੱਕੇ ਹਨ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਸੰਸਦ ਭਵਨ ’ਚ ਹੋਵੇਗੀ ਅਤੇ ਅਗਲਾ ਰਾਸ਼ਟਰਪਤੀ 25 ਜੁਲਾਈ ਨੂੰ ਹਲਫ਼ ਲਵੇਗਾ। ਖੇਤਰੀ ਪਾਰਟੀਆਂ ਬੀਜੇਡੀ, ਵਾਈਐੱਸਆਰਸੀਪੀ, ਬਸਪਾ, ਅੰਨਾ ਡੀਐੱਮਕੇ, ਟੀਡੀਪੀ, ਜਨਤਾ ਦਲ (ਐੱਸ), ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਅਤੇ ਜੇਐੱਮਐੱਮ ਜਿਹੀਆਂ ਖੇਤਰੀ ਪਾਰਟੀਆਂ ਦੀ ਹਮਾਇਤ ਨਾਲ ਮੁਰਮੂ ਦਾ ਵੋਟ ਸ਼ੇਅਰ ਦੋ ਤਿਹਾਈ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਚੋਣ ਜਿੱਤਣ ’ਤੇ ਮੁਰਮੂ ਆਦਿਵਾਸੀ ਭਾਈਚਾਰੇ ਦੀ ਪਹਿਲੀ ਮਹਿਲਾ ਹੋਣਗੇ ਜੋ ਸਿਖਰਲਾ ਸੰਵਿਧਾਨਕ ਅਹੁਦਾ ਸਾਂਭਣਗੇ। ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਉਮੀਦਵਾਰ ਨੂੰ ਕੁੱਲ 10,86,431 ਵੋਟਾਂ ’ਚੋਂ 6.67 ਲੱਖ ਤੋਂ ਜ਼ਿਆਦਾ ਵੋਟਾਂ ਮਿਲਣ ਦੀ ਸੰਭਾਵਨਾ ਹੈ। ਗੁਪਤ ਮਤਦਾਨ ਦੀ ਪ੍ਰਣਾਲੀ ਤਹਿਤ ਪਾਰਟੀਆਂ ਆਪਣੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਵੋਟਿੰਗ ਲਈ ਵ੍ਹਿਪ ਜਾਰੀ ਨਹੀਂ ਕਰ ਸਕਦੀਆਂ ਹਨ। ਮੌਜੂਦਾ ਰਾਸ਼ਟਰਪਤੀ ਚੋਣ ’ਚ ਇਕ ਸੰਸਦ ਮੈਂਬਰ ਦੀ ਵੋਟ ਦਾ ਮੁੱਲ 708 ਤੋਂ ਘਟ ਕੇ 700 ਦੇ ਬਰਾਬਰ ਰਹਿ ਗਿਆ ਹੈ ਕਿਉਂਕਿ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਨਹੀਂ ਹੈ। ਇਕ ਵਿਧਾਇਕ ਦੀ ਵੋਟ ਦਾ ਮੁੱਲ ਸੂਬਿਆਂ ਮੁਤਾਬਕ ਵੱਖੋ ਵੱਖਰਾ ਹੈ। ਯੂਪੀ ’ਚ ਹਰੇਕ ਵਿਧਾਇਕ ਦੀ ਵੋਟ ਦਾ ਮੁੱਲ 208 ਦੇ ਬਰਾਬਰ ਹੈ। ਇਸੇ ਤਰ੍ਹਾਂ ਝਾਰਖੰਡ ਅਤੇ ਤਾਮਿਲ ਨਾਡੂ ’ਚ 176-176, ਮਹਾਰਾਸ਼ਟਰ ’ਚ 175, ਸਿੱਕਮ ’ਚ 7, ਨਾਗਾਲੈਂਡ ’ਚ 9 ਅਤੇ ਮਿਜ਼ੋਰਮ ’ਚ 8 ਦੇ ਬਰਾਬਰ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਸੰਸਦ ਮੈਂਬਰਾਂ ਨੂੰ ਹਰੇ ਰੰਗ ਜਦਕਿ ਵਿਧਾਇਕਾਂ ਨੂੰ ਗੁਲਾਬੀ ਰੰਗ ਦੇ ਬੈਲੇਟ ਪੇਪਰ ਮਿਲਣਗੇ। ਵੱਖੋ ਵੱਖ ਰੰਗ ਹੋਣ ਨਾਲ ਰਿਟਰਨਿੰਗ ਅਫ਼ਸਰ ਨੂੰ ਵੋਟਾਂ ਦੀ ਗਿਣਤੀ ਕਰਨਾ ਸੁਖਾਲਾ ਹੋਵੇਗਾ। ਵੋਟਿੰਗ ਪ੍ਰਕਿਰਿਆ ਗੁਪਤ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਤਰ੍ਹਾਂ ਦਾ ਪੈੱਨ ਦਿੱਤਾ ਜਾਵੇਗਾ ਜਿਸ ਨਾਲ ਵੋਟਰ ਆਪਣੇ ਬੈਲੇਟ ਪੇਪਰਾਂ ’ਤੇ ਉਮੀਦਵਾਰ ਅੱਗੇ ਨਿਸ਼ਾਨ ਲਗਾਉਣਗੇ। -ਪੀਟੀਆਈ