ਨਵੀਂ ਦਿੱਲੀ, 12 ਮਈ
ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ 15 ਸੂਬਿਆਂ ਦੀਆਂ 57 ਰਾਜ ਸਭਾ ਸੀਟਾਂ ਲਈ ਚੋਣਾਂ 10 ਜੂਨ ਨੂੰ ਹੋਣਗੀਆਂ। ਇਹ ਸੀਟਾਂ ਜੂਨ ਤੋਂ ਅਗਸਤ ਵਿਚਾਲੇ ਵੱਖ-ਵੱਖ ਤਰੀਕਾਂ ਨੂੰ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋਣ ਕਾਰਨ ਖਾਲੀ ਹੋ ਰਹੀਆਂ ਹਨ। ਪ੍ਰਮੁੱਖ ਸ਼ਖ਼ਸੀਅਤਾਂ ਜਿਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਵਿੱਚ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ, ਕਾਂਗਰਸੀ ਆਗੂ ਅੰਬਿਕਾ ਸੋਨੀ, ਜੈਰਾਮ ਰਮੇਸ਼ ਅਤੇ ਕਪਿਲ ਸਿੱਬਲ ਤੋਂ ਇਲਾਵਾ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਸ਼ਾਮਲ ਹਨ। ਇਨ੍ਹਾਂ ਮੈਂਬਰਾਂ ਦਾ ਕਾਰਜਕਾਲ 21 ਜੂਨ ਤੋਂ ਪਹਿਲੀ ਅਗਸਤ ਵਿਚਾਲੇ ਖ਼ਤਮ ਹੋ ਰਿਹਾ ਹੈ। ਹਾਲਾਂਕਿ, 11 ਸੀਟਾਂ ਉੱਤਰ ਪ੍ਰਦੇਸ਼ ਵਿੱਚ ਖਾਲੀ ਪਈਆਂ ਹਨ, ਛੇ-ਛੇ ਮੈਂਬਰ ਤਾਮਿਲ ਨਾਡੂ ਤੇ ਮਹਾਰਾਸ਼ਟਰ, ਪੰਜ ਮੈਂਬਰ ਬਿਹਾਰ ਅਤੇ ਚਾਰ-ਚਾਰ ਮੈਂਬਰ ਆਂਧਰਾ ਪ੍ਰਦੇਸ਼, ਰਾਜਸਥਾਨ ਤੇ ਕਰਨਾਟਕ ਤੋਂ ਸੇਵਾਮੁਕਤ ਹੋ ਰਹੇ ਹਨ। ਮੱਧ ਪ੍ਰਦੇਸ਼ ਤੇ ਉੜੀਸਾ ਤੋਂ ਤਿੰਨ-ਤਿੰਨ ਮੈਂਬਰ, ਤਿਲੰਗਾਨਾ, ਛੱਤੀਸਗੜ੍ਹ, ਪੰਜਾਬ, ਝਾਰਖੰਡ ਤੇ ਹਰਿਆਣਾ ਤੋਂ ਦੋ-ਦੋ ਮੈਂਬਰ ਅਤੇ ਉੱਤਰਾਖੰਡ ਤੋਂ ਇਕ ਮੈਂਬਰ ਸੇਵਾਮੁਕਤ ਹੋ ਰਿਹਾ ਹੈ। ਚੋਣਾਂ ਸਬੰਧੀ ਨੋਟੀਫਿਕੇਸ਼ਨ 24 ਮਈ ਨੂੰ ਜਾਰੀ ਹੋਵੇਗਾ ਅਤੇ ਵੋਟਿੰਗ 10 ਜੂਨ ਨੂੰ ਹੋਵੇਗੀ। ਵੋਟਿੰਗ ਖ਼ਤਮ ਹੋਣ ਤੋਂ ਇਕ ਘੰਟੇ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਨਵੇਂ ਚੁਣੇ ਜਾਣ ਵਾਲੇ ਜ਼ਿਆਦਾਤਰ ਮੈਂਬਰ ਰਾਸ਼ਟਰਪਤੀ ਚੋਣਾਂ ਵਿੱਚ ਵੀ ਵੋਟ ਪਾਉਣਗੇ। ਰਾਸ਼ਟਰਪਤੀ ਚੋਣਾਂ ਜੁਲਾਈ ਵਿੱਚ ਹੋਣੀਆਂ ਹਨ। -ਪੀਟੀਆਈ