ਨਵੀਂ ਦਿੱਲੀ, 6 ਅਪਰੈਲ
ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਸੈਂਬਲੀ ਲਈ ਵੋਟਾਂ ਦਾ ਅਮਲ ਸ਼ੁਰੂ ਹੋ ਗਿਆ ਹੈ। ਤਾਮਿਲ ਨਾਡੂ, ਕੇਰਲਾ ਤੇ ਪੁੱਡੂਚੇਰੀ ਵਿੱਚ ਇਕੋ ਗੇੜ ਤਹਿਤ ਵੋਟਾਂ ਪੈ ਰਹੀਆਂ ਹਨ ਜਦੋਂਕਿ ਪੱਛਮੀ ਬੰਗਾਲ ’ਚ ਤੀਜੇ ਗੇੇੜ ਤਹਿਤ 31 ਸੀਟਾਂ ਲਈ ਪੋਲਿੰਗ ਹੋਈ ਹੈ। ਉਧਰ ਅਸਾਮ ਵਿੱਚ ਅੱਜ ਤੀਜੇ ਤੇ ਆਖਰੀ ਗੇੜ ਤਹਿਤ 40 ਸੀਟਾਂ ਲਈ ਵੋਟਿੰਗ ਦਾ ਅਮਲ ਸਵੇਰੇ ਸੱਤ ਵਜੇ ਸ਼ੁਰੂ ਹੋਇਆ।
ਅਸਾਮ ਵਿੱਚ 82.28 ਫੀਸਦ ਮਤਦਾਨ ਹੋਇਆ। ਅਸਾਮ ਦੇ 12 ਜ਼ਿਲ੍ਹਿਆਂ ਦੀਆਂ ਇਨ੍ਹਾਂ 40 ਸੀਟਾਂ ਲਈ ਵੋਟਿੰਗ ਸ਼ੁਰੂ ਹੋੋਣ ਤੋਂ ਪਹਿਲਾਂ ਹੀ ਲੋਕ ਮਤਦਾਨ ਕੇਂਦਰਾਂ ਦੇ ਬਾਹਰ ਕਤਾਰਾਂ ’ਚ ਖੜ੍ਹੇ ਨਜ਼ਰ ਆਏ। ਉਧਰ ਤਾਮਿਲ ਨਾਡੂ ਦੀ 234 ਮੈਂਬਰੀ ਵਿਧਾਨ ਸਭਾ ਲਈ 71.79 ਫੀਸਦ ਮਤਦਾਨ ਹੋਇਆ। ਮੁੱਖ ਚੋਣ ਅਧਿਕਾਰੀ ਮੁਤਾਬਕ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ ਤੇ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ। ਪੱਛਮੀ ਬੰਗਾਲ ’ਚ 84.2 ਫੀਸਦ ਵੋਟਾਂ ਪੋਲ ਹੋਈਆਂ । ਇਸ ਦੌਰਾਨ ਇਕਾ ਦੁੱਕਾ ਹਿੰਸਾ ਦੀਆਂ ਘਟਨਾਵਾਂ ਦੀ ਵੀ ਰਿਪੋਰਟ ਹੈ। ਕੇਰਲਾ ਵਿੱਚ74.2 ਫੀਸਦੀ ਜਦੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿੱਚ 81.84 ਫੀਸਦ ਪੋਲਿੰਗ ਹੋਈ। -ਏਜੰਸੀ