ਨਵੀਂ ਦਿੱਲੀ, 16 ਅਕਤੂਬਰ
ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ ਸੋਮਵਾਰ ਨੂੰ ਪਾਈਆਂ ਜਾਣਗੀਆਂ। ਪਾਰਟੀ ਦੇ ਸੀਨੀਅਰ ਆਗੂਆਂ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਮੁਕਾਬਲਾ ਹੈ। ਕਰੀਬ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਆਗੂ ਕਾਂਗਰਸ ਦੀ ਕਮਾਨ ਸੰਭਾਲੇਗਾ। 9 ਹਜ਼ਾਰ ਤੋਂ ਜ਼ਿਆਦਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟਾਂ ਪਾਉਣਗੇ। ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ। ਕਾਂਗਰਸ ਦੇ ਇਥੇ ਹੈੱਡਕੁਆਰਟਰ ਅਤੇ ਦੇਸ਼ ਦੇ 65 ਹੋਰ ਥਾਵਾਂ ’ਤੇ ਪੋਲਿੰਗ ਬੂਥ ਬਣਾਏ ਗਏ ਹਨ। ਪਾਰਟੀ ਦੇ 137 ਸਾਲਾਂ ਦੇ ਇਤਿਹਾਸ ’ਚ ਇਹ ਛੇਵੀਂ ਵਾਰ ਹੈ ਜਦੋਂ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਇਥੇ ਕਾਂਗਰਸ ਦਫ਼ਤਰ ’ਤੇ ਵੋਟ ਪਾਏ ਜਾਣ ਦੀ ਸੰਭਾਵਨਾ ਹੈ ਜਦਕਿ ਰਾਹੁਲ ਗਾਂਧੀ ਕਰਨਾਟਕ ਦੇ ਸੰਗਾਨਕਾਲੂ ’ਚ ਭਾਰਤ ਜੋੜੋ ਯਾਤਰਾ ਦੇ ਕੈਂਪ ’ਚ ਬਣੇ ਬੂਥ ’ਤੇ ਵੋਟ ਪਾਉਣਗੇ। ਉਨ੍ਹਾਂ ਨਾਲ 40 ਹੋਰ ਭਾਰਤ ਯਾਤਰੀ ਵੀ ਵੋਟ ਪਾਉਣਗੇ ਜੋ ਪੀਸੀਸੀ ਡੈਲੀਗੇਟ ਹਨ। ਗਾਂਧੀ ਪਰਿਵਾਰ ਨਾਲ ਨੇੜਤਾ ਹੋਣ ਅਤੇ ਸੀਨੀਅਰ ਆਗੂਆਂ ਵੱਲੋਂ ਹਮਾਇਤ ਦਿੱਤੇ ਜਾਣ ਕਾਰਨ ਖੜਗੇ ਨੂੰ ਕਾਂਗਰਸ ਦਾ ਅਗਲਾ ਪ੍ਰਧਾਨ ਮੰਨਿਆ ਜਾ ਰਿਹਾ ਹੈ। ਉਂਜ ਥਰੂਰ ਵੀ ਆਪਣੇ ਪੱਧਰ ’ਤੇ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਗੁਪਤ ਬੈਲੇਟ ਰਾਹੀਂ ਵੋਟਾਂ ਪਾਈਆਂ ਜਾਣਗੀਆਂ ਅਤੇ ਇਹ ਕੋਈ ਨਹੀਂ ਜਾਣ ਸਕੇਗਾ ਕਿ ਕਿਸ ਨੇ ਕਿਹੜੇ ਉਮੀਦਵਾਰ ਨੂੰ ਵੋਟ ਪਾਈ ਹੈ। -ਪੀਟੀਆਈ
ਗਾਂਧੀ ਪਰਿਵਾਰ ਤੋਂ ਸਲਾਹ ਲੈਣ ’ਚ ਕੋਈ ਸ਼ਰਮ ਮਹਿਸੂਸ ਨਹੀਂ ਹੋਵੇਗੀ: ਖੜਗੇ
ਬੰਗਲੂਰੂ: ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਬਣੇ ਤਾਂ ਉਹ ਪਾਰਟੀ ਚਲਾਉਣ ਲਈ ਗਾਂਧੀ ਪਰਿਵਾਰ ਤੋਂ ਸਲਾਹ ਅਤੇ ਹਮਾਇਤ ਲੈਣ ’ਚ ਸ਼ਰਮ ਮਹਿਸੂਸ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਸੰਘਰਸ਼ ਕਰਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਖੜਗੇ ਨੇ ਕਿਹਾ ਕਿ ਭਾਜਪਾ ਅਜਿਹਾ ਗਲਤ ਪ੍ਰਚਾਰ ਕਰ ਰਹੀ ਹੈ। ‘ਸੋਨੀਆ ਗਾਂਧੀ ਨੇ ਜਥੇਬੰਦੀ ’ਚ 20 ਸਾਲਾਂ ਤੱਕ ਕੰਮ ਕੀਤਾ ਹੈ। ਰਾਹੁਲ ਗਾਂਧੀ ਵੀ ਪ੍ਰਧਾਨ ਰਹੇ ਹਨ। ਨਹਿਰੂ-ਗਾਂਧੀ ਪਰਿਵਾਰ ਦਾ ਪਾਰਟੀ ਲਈ ਵੱਡਾ ਯੋਗਦਾਨ ਹੈ ਅਤੇ ਜਵਾਹਰਲਾਲ ਨਹਿਰੂ ਤੋਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਤੋਂ ਸੋਨੀਆ ਗਾਂਧੀ ਤੱਕ ਉਨ੍ਹਾਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ।’ ਉਨ੍ਹਾਂ ਕਿਹਾ ਕਿ ਕਾਂਗਰਸ ਕੁਝ ਚੋਣਾਂ ਹਾਰ ਗਈ ਹੈ ਤਾਂ ਗਾਂਧੀ ਪਰਿਵਾਰ ਖ਼ਿਲਾਫ਼ ਅਜਿਹੀਆਂ ਗੱਲਾਂ ਕਰਨਾ ਸਹੀ ਨਹੀਂ ਹੈ। ਉਨ੍ਹਾਂ ਮੀਡੀਆ ਨੂੰ ਕਿਹਾ ਕਿ ਜੇਕਰ ਉਹ ਵੀ ਕੁਝ ਲਾਹੇਵੰਦ ਸਲਾਹ ਦੇਣਗੇ ਤਾਂ ਉਸ ਨੂੰ ਵੀ ਉਹ ਮੰਨਣਗੇ। ਆਪਣੇ ਵਿਰੋਧੀ ਉਮੀਦਵਾਰ ਸ਼ਸ਼ੀ ਥਰੂਰ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸੇ ਵਿਵਾਦ ’ਚ ਨਹੀਂ ਪੈਣਾ ਚਾਹੁੰਦੇ ਹਨ ਅਤੇ ਥਰੂਰ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। -ਪੀਟੀਆਈ
ਥਰੂਰ ਵੱਲੋਂ ਕਾਂਗਰਸ ਦੇ ਵਿਕੇਂਦਰੀਕਰਨ ’ਤੇ ਜ਼ੋਰ
ਲਖਨਊ: ਪ੍ਰਧਾਨਗੀ ਅਹੁਦੇ ਦੀ ਚੋਣ ਲੜ ਰਹੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਪਾਰਟੀ ਡੈਲੀਗੇਟਾਂ ਤੋਂ ਵੋਟ ਮੰਗਦਿਆਂ ਕਿਹਾ ਕਿ ਪਾਰਟੀ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ ਹੈ ਤਾਂ ਜੋ ਸਾਰੇ ਫ਼ੈਸਲੇ ਸਿਰਫ਼ ਦਿੱਲੀ ਤੋਂ ਨਾ ਲਏ ਜਾਣ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੁਮਾਇੰਦਿਆਂ ਤੋਂ ਵੋਟ ਮੰਗਣ ਆਏ ਥਰੂਰ ਪ੍ਰੈੱਸ ਕਾਨਫਰੰਸ ਦੌਰਾਨ ਅਜਿਹੇ ਸਾਥੀਆਂ ’ਤੇ ਵੀ ਵਰ੍ਹੇ ਜੋ ਨੇਤਾਗਿਰੀ ਚਮਕਾਉਣ ’ਚ ਸ਼ਾਮਲ ਹਨ ਅਤੇ ਪਾਰਟੀ ਵਰਕਰਾਂ ਨੂੰ ਆਖ ਰਹੇ ਹਨ ਕਿ ਉਹ ਜਾਣਦੇ ਹਨ ਕਿ ਸੋਨੀਆ ਗਾਂਧੀ ਕਿਸ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਦਿਮਾਗ ’ਚ ਜੇਕਰ ਕੋਈ ਡਰ ਜਾਂ ਸ਼ੱਕ ਹੈ ਤਾਂ ਉਹ ਕੱਢ ਦੇਣ ਕਿਉਂਕਿ ਪਾਰਟੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਗੁਪਤ ਮਤਦਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਪ੍ਰਧਾਨ ਬਣੇ ਉਸ ਤੱਕ ਸਾਰਿਆਂ ਦੀ ਪਹੁੰਚ ਹੋਣੀ ਚਾਹੀਦੀ ਹੈ। ‘ਕੋਈ ਚੋਣ ਜਿੱਤੇਗਾ ਅਤੇ ਕੋਈ ਚੋਣ ਹਾਰੇਗਾ। ਭਾਵੇਂ ਖੜਗੇ ਸਾਹਿਬ ਜਿੱਤਣ ਜਾਂ ਮੈਂ ਪਰ ਮੇਰਾ ਵਿਚਾਰ ਹੈ ਕਿ ਕਾਂਗਰਸ ਜੇਤੂ ਬਣ ਕੇ ਉਭਰਨੀ ਚਾਹੀਦੀ ਹੈ।’ ਥਰੂਰ ਨੇ ‘ਇਕ ਵਿਅਕਤੀ, ਇਕ ਅਹੁਦਾ’ ਸਿਧਾਂਤ ਸਮੇਤ ਪਾਰਟੀ ਦੇ ਉਦੈਪੁਰ ਐਲਾਨਨਾਮੇ ਨੂੰ ਲਾਗੂ ਕਰਨ ’ਤੇ ਵੀ ਜ਼ੋਰ ਦਿਤਾ। -ਪੀਟੀਆਈ
ਥਰੂਰ ਧੜੇ ਵੱਲੋਂ ਇਤਰਾਜ਼ ਕੀਤੇ ਜਾਣ ’ਤੇ ਹੁਣ ਬੈਲੇਟ ਪੇਪਰ ’ਤੇ ਟਿਕ ਦਾ ਨਿਸ਼ਾਨ ਲਾਇਆ ਜਾਵੇਗਾ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਸ਼ਸ਼ੀ ਥਰੂਰ ਦੀ ਟੀਮ ਨੇ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨਾਲ ਉਸ ਦਿਸ਼ਾ ਨਿਰਦੇਸ਼ ਦਾ ਮੁੱਦਾ ਉਠਾਇਆ ਜਿਸ ’ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟਾਂ ਨੂੰ ਬੈਲੇਟ ਪੇਪਰ ’ਤੇ ਉਨ੍ਹਾਂ ਦੀ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ ‘1’ ਲਿਖਣ ਨੂੰ ਕਿਹਾ ਗਿਆ ਹੈ। ਦਰਅਸਲ ਬੈਲੇਟ ਪੇਪਰ ’ਚ ਮਲਿਕਾਰਜੁਨ ਖੜਗੇ ਦਾ ਨਾਮ ਸੀਰੀਅਲ ਨੰਬਰ ‘1’ ਅਤੇ ਥਰੂਰ ਦਾ ‘2’ ’ਤੇ ਹੈ। ਇਸ ਮੁੱਦੇ ਨੂੰ ਉਠਾਏ ਜਾਣ ਮਗਰੋਂ ਮਿਸਤਰੀ ਨੇ ਦੱਸਿਆ ਕਿ ਹੁਣ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ ਟਿਕ ਦਾ ਨਿਸ਼ਾਨ ਲਗਾਉਣਾ ਹੋਵੇਗਾ। ਥਰੂਰ ਦੀ ਟੀਮ ਨੇ ਕਿਹਾ ਸੀ ਕਿ ਇਸ ਨਾਲ ਵੋਟਰਾਂ ’ਚ ਦੁਬਿਧਾ ਪੈਦਾ ਹੋਵੇਗੀ ਕਿਉਂਕਿ ਬੈਲੇਟ ਪੇਪਰ ’ਤੇ ਖੜਗੇ ਦਾ ਸੀਰੀਅਲ ਨੰਬਰ 1 ਅਤੇ ਥਰੂਰ ਦਾ ਸੀਰੀਅਲ ਨੰਬਰ 2 ਹੈ। ਜੇਕਰ ਤਰਜੀਹੀ ਉਮੀਦਵਾਰ ਦੇ ਨਾਮ ਅੱਗੇ 1 ਲਿਖਿਆ ਜਾਵੇਗਾ ਤਾਂ ਇਸ ਨਾਲ ਥਰੂਰ ਨੂੰ ਨੁਕਸਾਨ ਪਹੁੰਚ ਸਕਦਾ ਹੈ। -ਪੀਟੀਆਈ