ਜੰਮੂ, 17 ਸਤੰਬਰ
ਜੰਮੂ ਕਸ਼ਮੀਰ ਵਿਚ ਵੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਪੁਨਰ ਨਿਰੀਖਣ ਦੌਰਾਨ ਕਸ਼ਮੀਰੀ ਪੰਡਿਤਾਂ ਦੀ 100 ਪ੍ਰਤੀਸ਼ਤ ਰਜਿਸਟਰੇਸ਼ਨ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜੰਮੂ ਕਸ਼ਮੀਰ ਵਿਚ ਜਾਰੀ ਇਸ ਪ੍ਰਕਿਰਿਆ ਲਈ ਪਰਵਾਸੀ ਬੂਥ ਲੈਵਲ ਅਧਿਕਾਰੀਆਂ (ਬੀਐਲਓ) ਨੂੰ ਪ੍ਰਸ਼ਾਸਨ ਵੱਲੋਂ ਸਿਖਲਾਈ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ ਇਸ ਮੰਤਵ ਲਈ ਜੰਮੂ, ਊਧਮਪੁਰ ਤੇ ਦਿੱਲੀ ਵਿਚ ਤਿੰਨ ਸਹਾਇਕ ਚੋਣ ਰਜਿਸਟਰੇਸ਼ਨ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੀਐਲਓਜ਼ ਨੂੰ ਸੰਖੇਪ ਨਿਰੀਖਣ ਦੇ ਸਾਰੇ ਪੱਖਾਂ ਤੇ ਪੱਧਰਾਂ ਤੋਂ ਜਾਣੂ ਕਰਾਇਆ ਗਿਆ ਹੈ। ਇਹ ਪ੍ਰਕਿਰਿਆ 15 ਸਤੰਬਰ ਨੂੰ ਸ਼ੁਰੂ ਹੋਈ ਸੀ ਤੇ 25 ਅਕਤੂਬਰ ਤੱਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਵਿਸ਼ੇਸ਼ ਸੰਖੇਪ ਪੁਨਰ ਨਿਰੀਖਣ ਦੇ ਹੁਕਮ ਜਾਰੀ ਕੀਤੇ ਸਨ। -ਪੀਟੀਆਈ