ਕੋਲਕਾਤਾ/ਨਵੀਂ ਦਿੱਲੀ, 7 ਜੂਨ
ਮੁੰਬਈ ਤੋਂ ਕੋਲਕਾਤਾ ਜਾਣ ਵਾਲੇ ਵਿਸਤਾਰਾ ਏਅਰਲਾਈਨਜ਼ ਦੇ ਜਹਾਜ਼ ਵਿੱਚ ਇਥੇ ਉਤਰਨ ਤੋਂ ਠੀਕ ਪਹਿਲਾਂ ਪਏ ਨੁਕਸ ਕਾਰਨ ਸੋਮਵਾਰ ਨੂੰ ਅੱਠ ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਵਾਈ ਅੱਡੇ ਦੇ ਡਾਇਰੈਕਟਰ ਸੀ ਪੱਟਾਭੀ ਨੇ ਦੱਸਿਆ ਕਿ ਸ਼ਾਮ ਕਰੀਬ 4.25 ਵਜੇ ਯੂਕੇ775 ਉਡਾਣ ਸੁਰੱਖਿਅਤ ਕੋਲਕਾਤਾ ਹਵਾਈ ਅੱਡੇ ’ਤੇ ਉਤਰ ਗਈ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ ਪਏ ਨੁਕਸਾਨ ਕਾਰਨ ਤਿੰਨ ਯਾਤਰੀ ਗੰਭੀਰ ਜ਼ਖ਼ਮੀ ਹੋਏ ਹਨ ਜਦੋਂ ਕਿ ਪੰਜ ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ 123 ਯਾਤਰੀ ਸਵਾਰ ਸਨ। ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਦੇ ਇਸ ਮਾੜੇ ਤਜਰਬੇ ਤੋਂ ਉਹ ਬਹੁਤ ਦੁਖੀ ਹਨ। ਜ਼ਖ਼ਮੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ ਅਸੀਂ ਪਹਿਲ ਦੇ ਆਧਾਰ ’ਤੇ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਛੇਤੀ ਹੀ ਇਸ ਸਬੰਧੀ ਜਾਣਕਾਰੀ ਜਨਤਕ ਕੀਤੀ ਜਾਵੇਗੀ।’’ –ਏਜੰਸੀ