ਸ਼ਿਮਲਾ, 11 ਜੂਨ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਸਵੇਰੇ ਅਟਲ ਸੁਰੰਗ ਰੋਹਤਾਂਗ (ਏਟੀਆਰ) ਦਾ ਦੌਰਾ ਕੀਤਾ। ਅਟਲ ਸੁਰੰਗ 10,000 ਫੁੱਟ ਤੋਂ ਵੱਧ ਦੀ ਉਚਾਈ ’ਤੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। ਰਾਸ਼ਟਰਪਤੀ ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਦੌਰੇ ਲਈ ਹਿਮਾਚਲ ਪ੍ਰਦੇਸ਼ ਪਹੁੰਚੇ ਸਨ। ਉਹ ਲਾਹੌਲ-ਸਪਿਤੀ ਜ਼ਿਲ੍ਹੇ ਦੀ ਲਾਹੌਲ ਘਾਟੀ ’ਚ ਉੱਤਰੀ ਗੇਟ ਤੋਂ ਸੁਰੰਗ ਵਿੱਚ ਦਾਖਲ ਹੋਏ ਅਤੇ 9.02 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਕੁੱਲੂ ਜ਼ਿਲ੍ਹੇ ਦੇ ਮਨਾਲੀ ਸ਼ਹਿਰ ’ਚ ਸੁਰੰਗ ਦੇ ਦੱਖਣੀ ਗੇਟ ’ਤੇ ਪਹੁੰਚੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਹਵਾਈ ਫੌਜ ਦੇ ਹੈਲੀਕਾਪਟਰ ਰਾਹੀਂ ਪਿੰਡ ਸੀਸੂ ਪਹੁੰਚੇ ਸਨ ਜਿਥੇ ਰਵਾਇਤੀ ਢੰਗ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਉਨ੍ਹਾਂ ਨੂੰ ਥਾਂਕਾ ਪੇਂਟਿੰਗ ਭੇਟ ਕੀਤੀ। ਇਸ ਮੌਕੇ ਹਿਮਾਚਲ ਦੇ ਰਾਜਪਾਲ ਰਜਿੰਦਰ ਵਿਸ਼ਵਾਨਾਥ ਅਰਲੇਕਰ ਤੇ ਕੈਬਨਿਟ ਮੰਤਰੀ ਰਾਮ ਲਾਲ ਮਾਰਕੰਡਾ ਵੀ ਹਾਜ਼ਰ ਸਨ। -ਪੀਟੀਆਈ