ਨਵੀਂ ਦਿੱਲੀ: ਇਥੋਂ ਦੀ ਅਦਾਲਤ ਨੇ ਕਥਿਤ ਚੀਨੀ ਵੀਜ਼ਾ ਘੁਟਾਲੇ ਦੇ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਕੇਸ ’ਚ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਦੀ ਅਰਜ਼ੀ ’ਤੇ ਪੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਐੱਮ ਕੇ ਨਾਗਪਾਲ ਨੇ ਕਾਰਤੀ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਦੀ ਅਰਜ਼ੀ ’ਚ ਅਜਿਹਾ ਕੁਝ ਨਹੀਂ ਸੀ ਜਿਸ ਨਾਲ ਉਸ ਨੂੰ ਪੇਸ਼ਗੀ ਜ਼ਮਾਨਤ ਦਿੱਤੀ ਜਾ ਸਕੇ। ਈਡੀ ਨੇ ਪਿਛਲੇ ਦਿਨੀਂ ਕਾਰਤੀ ਅਤੇ ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਇਕ ਹੋਰ ਕੇਸ ਦਰਜ ਕੀਤਾ ਸੀ। ਇਹ ਕੇਸ 2011 ’ਚ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਵਾਉਣ ਨਾਲ ਸਬੰਧਤ ਹੈ। ਇਹ ਵੀਜ਼ੇ ਉਸ ਸਮੇਂ ਦਿੱਤੇ ਗਏ ਸਨ ਜਦੋਂ ਕਾਰਤੀ ਦਾ ਪਿਤਾ ਪੀ ਚਿਦੰਬਰਮ ਕੇਂਦਰੀ ਗ੍ਰਹਿ ਮੰਤਰੀ ਸੀ। -ਪੀਟੀਆਈ