ਨਵੀਂ ਦਿੱਲੀ, 26 ਮਈ
ਦਿੱਲੀ ਦੀ ਅਦਾਲਤ ਨੇ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕੀਤੇ ਜਾਣ ਨਾਲ ਜੁੜੇ ਕੇਸ ਵਿਚ ਈਡੀ ਵੱਲੋਂ ਦਰਜ ਇਕ ਮਾਮਲੇ ਵਿਚ ਕਾਂਗਰਸ ਆਗੂ ਤੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੂੰ 30 ਮਈ ਤੱਕ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ ਦੇ ਦਿੱਤੀ। ਵਿਸ਼ੇਸ਼ ਅਦਾਲਤ ਨੇ ਕਾਰਤੀ ਚਿਦੰਬਰਮ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਡਾਇਰੈਕਟੋਰੇਟ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਈਡੀ ਨੇ 2011 ਵਿਚ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕੀਤੇ ਜਾਣ ਸਬੰਧੀ ਕਥਿਤ ਘੁਟਾਲੇ ਵਿਚ ਕਾਰਤੀ ਚਿਦੰਬਰਮ ਤੇ ਹੋਰਾਂ ਖ਼ਿਲਾਫ਼ ਕੇਸ ਹਾਲ ਹੀ ਵਿਚ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿਚ ਦਰਜ ਕੀਤਾ ਹੈ। ਇਹ ਘੁਟਾਲਾ ਉਸ ਵੇਲੇ ਹੋਇਆ ਸੀ ਜਦ ਕਾਰਤੀ ਦੇ ਪਿਤਾ ਪੀ. ਚਿਦੰਬਰਮ ਗ੍ਰਹਿ ਮੰਤਰੀ ਸਨ। ਕੇਂਦਰੀ ਏਜੰਸੀ ਨੇ ਇਸ ਮਾਮਲੇ ਵਿਚ ਸੀਬੀਆਈ ਦੀ ਹਾਲੀਆ ਐਫਆਈਆਰ ਦਾ ਨੋਟਿਸ ਲੈਂਦਿਆਂ ਪੀਐਮਐਲਏ ਦੀਆਂ ਅਪਰਾਧਕ ਧਾਰਾਵਾਂ ਤਹਿਤ ਆਪਣਾ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਅੱਜ ਇਸ ਮਾਮਲੇ ਵਿਚ ਕਾਰਤੀ ਚਿਦੰਬਰਮ ਤੋਂ ਨੌਂ ਘੰਟੇ ਪੁੱਛਗਿੱਛ ਕੀਤੀ। ਕਾਰਤੀ ਯੂਕੇ ਤੇ ਯੂਰੋਪ ਦੇ ਦੌਰੇ ਤੋਂ ਪਰਤੇ ਹਨ ਅਤੇ ਅੱਜ ਸਵੇਰੇ ਕਰੀਬ 8 ਵਜੇ ਏਜੰਸੀ ਦੇ ਦਫ਼ਤਰ ਪਹੁੰਚੇ। ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕਾਰਤੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਦਰਜ ਕੇਸ ‘ਫ਼ਰਜ਼ੀ’ ਹੈ। ਕਾਰਤੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕਿਸੇ ਵੀ ਚੀਨੀ ਨਾਗਰਿਕ ਦੀ ਵੀਜ਼ਾ ਲੈਣ ਵਿਚ ਮਦਦ ਨਹੀਂ ਕੀਤੀ। -ਪੀਟੀਆਈ