ਕੋਲਕਾਤਾ/ਹਾਵੜਾ, 8 ਅਕਤੂਬਰ
ਕੋਲਕਾਤਾ ਅਤੇ ਨਾਲ ਲੱਗਦੇ ਹਾਵੜਾ ਵਿੱਚ ਅੱਜ ਭਾਜਪਾ ਵਰਕਰਾਂ ਅਤੇ ਪੁਲੀਸ ਵਿਚਾਲੇ ਹਿੰਸਕ ਝੜਪਾਂ ਹੋਈਆਂ, ਜਿਸ ਦੌਰਾਨ ਭਾਜਪਾ ਸਮਰਥਕਾਂ ਨੇ ਪੱਥਰਬਾਜ਼ੀ ਕੀਤੀ ਅਤੇ ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿੱਤੀਆਂ। ਭਾਜਪਾ ਵਲੋਂ ਭਗਵਾਂ ਪਾਰਟੀ ਵਰਕਰਾਂ ਦੀਆਂ ਹੱਤਿਆਵਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਭਾਜਪਾ ਦੇ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ ਦੇ ਸੱਦੇ ’ਤੇ ਕੱਢੇ ਮਾਰਚ ਦੌਰਾਨ ਕਈ ਥਾਵਾਂ ’ਤੇ ਝੜਪਾਂ ਹੋਈਆਂ। ਕੋਲਕਾਤਾ ਅਤੇ ਹਾਵੜਾ ਤੋਂ ਚੱਲ ਕੇ ਸੂਬਾ ਸਕੱਤਰੇਤ (ਨਬਾਨਾ) ਵੱਲ ਵੱਧ ਰਹੇ ਹਜ਼ਾਰਾਂ ਭਾਜਪਾ ਵਰਕਰਾਂ ਨੇ ਬੈਰੀਕੇਡ ਤੋੜ ਦਿੱਤੇ। ਦੰਗਾ ਰੋਕੂ ਸਮੱਗਰੀ ਨਾਲ ਲੈਸ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ, ਕੁੱਟਮਾਰ ਕੀਤੀ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦਾ ਯਤਨ ਕੀਤਾ। ਇਸ ਦੌਰਾਨ ਕਈ ਭਾਜਪਾ ਕਾਰਕੁਨ ਤੇ ਆਗੂ ਜ਼ਖ਼ਮੀ ਹੋ ਗਏ। ਹਾਵੜਾ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਵਧੇਰੇ ਹਿੰਸਾ ਹੋਈ। ਹਾਵੜਾ ਮੈਦਾਨ ਤੋਂ ਸ਼ੁਰੂ ਹੋਏ ਮਾਰਚ ਦੀ ਅਗਵਾਈ ਭਾਜਪਾ ਜਨਤਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਤੇਜਸਵੀ ਸੂਰਿਯਾ ਅਤੇ ਸੂਬਾ ਪ੍ਰਧਾਨ ਸੌਮਿਤਰਾ ਖਾਨ ਨੇ ਕੀਤੀ। ਇਨ੍ਹਾਂ ਨੂੰ ਮਲਿਕ ਗੇਟ ’ਤੇ ਰੋਕਿਆ ਗਿਆ, ਜਿਸ ਕਾਰਨ ਖ਼ਫ਼ਾ ਹੋਏ ਭਾਜਪਾ ਸਮਰਥਕਾਂ ਨੇ ਪੁਲੀਸ ’ਤੇ ਪੱਥਰਬਾਜ਼ੀ ਕੀਤੀ। ਪ੍ਰਦਰਸ਼ਨਾਕਰੀਆਂ ਵਲੋਂ ਬੈਰੀਕੇਡ ਤੋੜੇ ਜਾਣ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਭੀੜ ਨੂੰ ਖਿੰਡਾਊਣ ਲਈ ਰੈਪਿਡ ਐਕਸ਼ਨ ਫੋਰਸ ਨੇ ਲਾਠੀਚਾਰਜ ਕੀਤਾ, ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਜਿਹੇ ਹੀ ਹਾਲਾਤ ਕੋਲਕਾਤਾ ਵਿੱਚ ਹੋਏ, ਜਿੱਥੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਅਤੇ ਕੌਮੀ ਊੱਪ-ਪ੍ਰਧਾਨ ਮੁਕੁਲ ਰੌਏ ਨੇ ਰੋਸ ਮਾਰਚ ਦੀ ਅਗਵਾਈ ਕੀਤੀ। ਹਿੰਸਾ ਵਾਲੇ ਖੇਤਰਾਂ ਵਿੱਚ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ ਗਈ ਹੈ। -ਪੀਟੀਆਈ
ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਮਮਤਾ ਬੈਨਰਜੀ: ਨੱਡਾ
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਪੱਛਮੀ ਬੰਗਾਲ ’ਚ ਹਿੰਸਕ ਝੜਪਾਂ ਦੇ ਮਾਮਲੇ ’ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ’ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਅਤੇ ਸੂਬੇ ਵਿੱਚ ਲੋਕਤੰਤਰ ਨਹੀਂ ਬਚਿਆ ਹੈ। ਊਨ੍ਹਾਂ ਸੂਬਾ ਪੁਲੀਸ ਵਲੋਂ ਭਾਜਪਾ ਕਾਰਕੁਨਾਂ ਦੀ ਕੁੱਟਮਾਰ ਕੀਤੇ ਜਾਣ ਦੀ ਨਿੰਦਾ ਕੀਤੀ। -ਪੀਟੀਆਈ