ਕੋਲਕਾਤਾ, 15 ਸਤੰਬਰ
ਭਬਾਨੀਪੁਰ ਤੋਂ ਭਾਜਪਾ ਦੀ ਉਮੀਦਵਾਰ ਪ੍ਰਿਯੰਕਾ ਟਬਿਰੇਵਾਲ ਨੂੰ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿਚ ਇਕ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਨੇ ਸ਼ਿਕਾਇਤ ਕੀਤੀ ਸੀ ਕਿ ਨਾਮਜ਼ਦਗੀ ਦਾਖ਼ਲ ਕਰਨ ਵੇਲੇ ਵੱਡੀ ਗਿਣਤੀ ਸਮਰਥਕ ਇਕੱਤਰ ਕਰ ਕੇ ਭਾਜਪਾ ਉਮੀਦਵਾਰ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਤ੍ਰਿਣਮੂਲ ਕਾਂਗਰਸ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਟਬਿਰੇਵਾਲ ਨੇ ਬਿਨਾ ਕਿਸੇ ਮਨਜ਼ੂਰੀ ਤੋਂ 500 ਜਾਂ ਉਸ ਤੋਂ ਵੀ ਵੱਧ ਲੋਕਾਂ ਦੀ ਭੀੜ ਇਕੱਤਰ ਕਰ ਕੇ ਆਦਰਸ਼ ਚੋਣ ਜ਼ਾਬਤੇ ਅਤੇ ਕੋਵਿਡ-19 ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਨਾਮਜ਼ਦਗੀ ਦਾਖ਼ਲ ਕਰਨ ਲਈ ਜਾਂਦੇ ਹੋਏ ਟਬਿਰੇਵਾਲ ਨੇ ਰਸਤੇ ਵਿਚ ਕਈ ਥਾਵਾਂ ’ਤੇ ‘ਧੁਨੁਚੀ ਨਾਚ’ (ਬੰਗਾਲ ਦਾ ਰਵਾਇਤੀ ਨਾਚ) ਵੀ ਕੀਤਾ ਸੀ ਜੋ ਕਿ ਆਮ ਤੌਰ ’ਤੇ ਦੁਰਗਾ ਪੂਜਾ ਦੌਰਾਨ ਕੀਤਾ ਜਾਂਦਾ ਹੈ। ਰਿਟਰਨਿੰਗ ਅਫ਼ਸਰ ਨੇ ਭਬਾਨੀਪੁਰ ਪੁਲੀਸ ਥਾਣੇ ਦੇ ਇੰਚਾਰਜ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਨੋਟਿਸ ਜਾਰੀ ਕੀਤਾ। ਥਾਣਾ ਮੁਖੀ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਸ਼ੰਭੂਨਾਥ ਪੰਡਤ ਸਟ੍ਰੀਟ ਤੇ ਹੋਰ ਥਾਵਾਂ ’ਤੇ ਵੱਡੀ ਗਿਣਤੀ ਵਿਚ ਜਮ੍ਹਾਂ ਹੋਏ ਭਾਜਪਾ ਵਰਕਰਾਂ ਕਾਰਨ ਕਾਫੀ ਜਾਮ ਲੱਗ ਗਿਆ ਸੀ। ਟਬਿਰੇਵਾਲ ਨੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਹੈ। -ਪੀਟੀਆਈ