ਆਨੰਦ, 12 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਨੂੰ ਪੰਜ ਖਰਬ ਡਾਲਰ ਦਾ ਅਰਥਚਾਰਾ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਪਿੰਡਾਂ ਦਾ ਵਿਕਾਸ ਜ਼ਰੂਰੀ ਹੈ। ਇਥੇ ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਦੇ 41ਵੇਂ ਕਾਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਮੇਰਾ ਪੂਰਾ ਵਿਸ਼ਵਾਸ ਹੈ ਕਿ ਪਿੰਡਾਂ ਦੇ ਵਿਕਾਸ ਤੋਂ ਬਿਨਾਂ ਦੇਸ਼ ਦਾ ਵਿਕਾਸ ਹੋਣਾ ਅਸੰਭਵ ਹੈ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਦੇਸ਼ ਦੀ ਆਤਮਾ ਸਾਡੇ ਪਿੰਡਾਂ ’ਚ ਵਸਦੀ ਹੈ ਅਤੇ ਮੇਰਾ ਵੀ ਇਹੋ ਵਿਸ਼ਵਾਸ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਪਿੰਡ ਖੁਸ਼ਹਾਲ ਤੇ ਆਤਮਨਿਰਭਰ ਹੋਣਗੇ ਤਾਂ ਮੁਲਕ ਵੀ ਖੁਸ਼ਹਾਲ ਹੋਵੇਗਾ। ਸ੍ਰੀ ਸ਼ਾਹ ਨੇ ਕਿਹਾ ਕਿ ਇੰਸਟੀਚਿਊਟ ’ਚੋਂ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੇ ਪਾਸ ਹੋਣ ’ਤੇ ਉਹ ਉਤਸ਼ਾਹਿਤ ਹਨ ਜੋ ਪਿੰਡਾਂ ਦੇ ਵਿਕਾਸ ਅਤੇ ਪ੍ਰਬੰਧਨ ਲਈ ਕੰਮ ਕਰਨਗੇ। ਇਸ ਮੌਕੇ 250 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਰੂਰਲ ਮੈਨੇਜਮੈਂਟ ’ਚ ਡਿਗਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ’ਚ ਇਹ ਪ੍ਰਬੰਧਕ ਅਹਿਮ ਭੂਮਿਕਾ ਨਿਭਾਉਣਗੇ। ਸ੍ਰੀ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਕੀਤੇ ਗਏ ਕੰਮ ਵੀ ਗਿਣਾਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਹਿਕਾਰਤਾ ਮੰਤਰਾਲਾ ਸਥਾਪਤ ਕੀਤਾ ਹੈ ਜੋ ਪਿੰਡਾਂ ਦੇ ਵਿਕਾਸ ’ਚ ਸਹਾਇਤਾ ਕਰੇਗਾ। -ਪੀਟੀਆਈ