ਕੋਚੀ: ਉੱਤਰ ਪ੍ਰਦੇਸ਼ ਵਿਚ ਕੇਰਲਾ ਨਾਲ ਸਬੰਧਤ ਈਸਾਈ ਸਾਧਵੀਆਂ ਨਾਲ ਦੁਰਵਿਹਾਰ ਦੇ ਮਾਮਲੇ ’ਚ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿਵਾਇਆ ਹੈ ਕਿ ਕੇਰਲਾ ਨਾਲ ਸਬੰਧਤ ਈਸਾਈ ਸਾਧਵੀਆਂ ਨੂੰ ਰੇਲ ਯਾਤਰਾ ਦੌਰਾਨ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੂਪੀ ਵਿਚ ਭਾਜਪਾ ਦੀ ਸਰਕਾਰ ਹੈ। ਸ਼ਾਹ ਨੇ ਕੇਰਲਾ ਵਿਚ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਉਹ ਭਰੋਸਾ ਦਿਵਾਉਂਦੇ ਹਨ ਕਿ ਜ਼ਿੰਮੇਵਾਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਝਾਂਸੀ (ਯੂਪੀ) ਦੇ ਅਧਿਕਾਰੀਆਂ ਮੁਤਾਬਕ ਈਸਾਈ ਸਾਧਵੀਆਂ ਨੂੰ 19 ਮਾਰਚ ਨੂੰ ਬਜਰੰਗ ਦਲ ਦੇ ਮੈਂਬਰਾਂ ਨੇ ਰੋਕਿਆ ਸੀ। ਦਲ ਮੈਂਬਰ ਦੋਸ਼ ਲਾ ਰਹੇ ਸਨ ਕਿ ਈਸਾਈ ਸਾਧਵੀਆਂ ਦੋ ਔਰਤਾਂ ਨੂੰ ਧੱਕੇ ਨਾਲ ਧਰਮ ਬਦਲੀ ਲਈ ਲਿਜਾ ਰਹੀਆਂ ਸਨ। -ਪੀਟੀਆਈ