ਨਵੀਂ ਦਿੱਲੀ, 26 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਾਰਗਿਲ ਜੰਗ ਦੌਰਾਨ ਸਰਹੱਦਾਂ ਦੀ ਰਾਖੀ ਕਰਦਿਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਫੌਜ ਨੇ ਲੱਦਾਖ ਵਿਚ ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ ’ਤੇ 26 ਜੁਲਾਈ 1999 ਨੂੰ ਅਪਰੇਸ਼ਨ ਵਿਜੈ ਸਫਲਤਾ ਪੂਰਵਕ ਮੁਕੰਮਲ ਕੀਤਾ ਸੀ। ਇਸ ਮੌਕੇ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਿੰਦੀ ਵਿਚ ਟਵੀਟ ਕਰਦਿਆਂ ਕਿਹਾ ਕਿ ਕਾਰਗਿਲ ਵਿਜੈ ਦਿਵਸ ਸਾਡੇ ਸੁਰੱਖਿਆ ਬਲਾਂ ਦੀ ਸ਼ਾਨਦਾਰ ਬਹਾਦਰੀ ਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ ਤੇ ਉਹ ਬਹਾਦਰ ਫੌਜੀਆਂ ਅੱਗੇ ਸਿਰ ਝੁਕਾਉਂਦੇ ਹਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀ ਸ਼ਾਨ ਨੂੰ ਬਰਕਰਾਰ ਰੱਖਿਆ। ਉਨ੍ਹਾਂ ਕਿਹਾ, ‘‘ਦੇਸ਼ ਇਨ੍ਹਾਂ ਸ਼ਹੀਦਾਂ ਦਾ ਹਮੇਸ਼ਾ ਰਿਣੀ ਰਹੇਗਾ। ਜੈ ਹਿੰਦ।’’ ਸੁਰੱਖਿਆ ਬਲਾਂ ਦੇ ਸਰਵਉੱਚ ਕਮਾਂਡਰ ਵਜੋਂ ਉਨ੍ਹਾਂ ਫੌਜੀਆਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਕਾਰਗਿਲ ਵਿਜੈ ਦਿਵਸ ਦੇਸ਼ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੈ। ਇਸ ਮੌਕੇ ਉਹ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਨੂੰ ਸਲਾਮ ਕਰਦੇ ਹਨ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋਵੇਗਾ। ਉਨ੍ਹਾਂ ਟਵੀਟ ਕਰਦਿਆਂ ਕਿਹਾ, ‘ਕਾਰਗਿਲ ਵਿਚ ਪਾਕਿਸਤਾਨ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹਾਦਰ ਜਵਾਨਾਂ ਨੇ ਪਾਕਿਸਤਾਨੀ ਫੌਜੀਆਂ ਨੂੰ ਉਥੋਂ ਖਦੇੜ ਦਿੱਤਾ।’ ਕਾਰਗਿਲ ਵਿਜੈ ਦਿਵਸ ਮੌਕੇ ਥਲ ਸੈਨਾ ਮੁਖੀ ਮਨੋਜ ਪਾਂਡੇ, ਜਲ ਸੈਨਾ ਮੁਖੀ ਆਰ ਹਰੀ ਕੁਮਾਰ, ਹਵਾਈ ਸੈਨਾ ਮੁਖੀ ਵੀ ਆਰ ਚੌਧਰੀ ਨੇ ਕੌਮੀ ਜੰਗੀ ਯਾਦਗਾਰ ’ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ