ਨਵੀਂ ਦਿੱਲੀ, 2 ਮਈ
ਸੀਬੀਆਈ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਖ਼ਿਲਾਫ਼ ਇਕ ਨਵਾਂ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਆਈਐੱਫਸੀਆਈ ਤੋਂ 25 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਚੋਕਸੀ ਨੇ ਗਿਰਵੀ ਰੱਖੇ ਹੀਰਿਆਂ ਅਤੇ ਗਹਿਣਿਆਂ ਦੀ ਕੀਮਤ ਨੂੰ ਕਥਿਤ ਤੌਰ ’ਤੇ ਵਧਾ ਕੇ ਦਿਖਾਇਆ। ਚੋਕਸੀ ਆਪਣੇ ਭਾਣਜੇ ਨੀਰਵ ਮੋਦੀ ਨਾਲ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਲੋੜੀਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਮੇਹੁਲ ਚੋਕਸੀ, ਉਸ ਦੀ ਕੰਪਨੀ ਗੀਤਾਂਜਲੀ ਜੈਮਸ ਅਤੇ ਮੁਲਾਂਕਣਕਰਤਾ ਸੂਰਜਮਲ ਲੱਲੂ ਭਾਈ ਐਂਡ ਕੰਪਨੀ, ਨਰੇਂਦਰ ਝਾਵੇਰੀ, ਪ੍ਰਦੀਪ ਸੀ ਸ਼ਾਹ ਅਤੇ ਸ਼੍ਰੇਣਿਕ ਸ਼ਾਹ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੇਂਦਰੀ ਏਜੰਸੀ ਨੇ ਭਾਰਤੀ ਉਦਯੋਗਿਕ ਵਿੱਤ ਨਿਗਮ ਲਿਮਟਿਡ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਹੈ। -ਪੀਟੀਆਈ
ਨੀਰਵ ਮੋਦੀ ਦੀ ਹਵਾਲਗੀ ਸਬੰਧੀ ਅਪੀਲ ’ਤੇ ਸੁਣਵਾਈ 28 ਜੂਨ ਨੂੰ
ਲੰਡਨ: ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਸਬੰਧੀ ਕੇਸ ਦੀ ਸੁਣਵਾਈ ਲੰਡਨ ਦੇ ਹਾਈ ਕੋਰਟ ’ਚ 28 ਜੂਨ ਨੂੰ ਹੋਵੇਗੀ। ਨੀਰਵ ਨੇ ਮਾਨਸਿਕ ਸਿਹਤ ਦੇ ਆਧਾਰ ’ਤੇ ਆਪਣੀ ਹਵਾਲਗੀ ਖ਼ਿਲਾਫ਼ ਅਪੀਲ ਦਾਖ਼ਲ ਕੀਤੀ ਹੈ। ਉਸ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਹ ਮਾਨਸਿਕ ਦਬਾਅ ਹੇਠ ਹੈ ਅਤੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਮੁੰਬਈ ’ਚ ਉਸ ਦੀ ਹਾਲਤ ਹੋਰ ਵਿਗੜਨ ਦਾ ਖ਼ਦਸ਼ਾ ਜਤਾਇਆ ਹੈ। ਉਹ ਮਾਰਚ 2019 ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ’ਚ ਬੰਦ ਹੈ। -ਪੀਟੀਆਈ