ਮੱਲਾਪੁਰਮ (ਕੇਰਲਾ), 5 ਸਤੰਬਰ
ਉੱਤਰੀ ਕੇਰਲਾ ਦੇ ਮੱਲਾਪੁਰਮ ਜ਼ਿਲ੍ਹੇ ਦੇ ਵੰਦੂਰ ਖੇਤਰ ਦੇ ਇੱਕ ਹਾਈ ਸਕੂਲ ਵਿੱਚ ਹਿਜਾਬ ਪਹਿਨ ਕੇ ਓਨਮ ਦਾ ਤਿਉਹਾਰ ਮਨਾ ਰਹੀਆਂ ਵਿਦਿਆਰਥਣਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਵੀ ਟਵਿੱਟਰ ’ਤੇ ਲਾਈਕ ਕੀਤਾ ਹੈ। ਸੋਸ਼ਲ ਮੀਡੀਆ ’ਤੇ ਕੁੱਝ ਲੋਕ ਇਸ ਵੀਡੀਓ ਦੀ ਸਰਾਹਨਾ ਕਰ ਰਹੇ ਹਨ, ਜਦਕਿ ਕੁੱਝ ਇਸ ਦੀ ਤੁਲਨਾ ਗੁਆਂਢੀ ਸੂਬੇ ਕਰਨਾਟਕ ਵਿੱਚ ਹਿਜਾਬ ਸਬੰਧੀ ਜਾਰੀ ਵਿਵਾਦ ਨਾਲ ਕਰ ਰਹੇ ਹਨ, ਜਿੱਥੇ ਕੁੱਝ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥਣਾਂ ਦੇ ਹਿਜਾਬ ਪਹਿਨ ਕੇ ਆਉਣ ’ਤੇ ਪਾਬੰਦੀ ਲਗਾਈ ਗਈ ਹੈ। ਕਾਮਰੇਡ ਮਹਾਬਲੀ ਨਾਂ ਦੇ ਇੱਕ ਟਵਿੱਟਰ ਉਪਭੋਗਤਾ ਨੇ ਟਵੀਟ ਕੀਤਾ, ‘‘ਵੰਦੂਰ ਹਾਈ ਸੈਕੰਡਰੀ ਸਕੂਲ, ਮੱਲਾਪੁਰਮ ਵਿੱਚ ਓਨਮ ਉਤਸਵ। ਉਨ੍ਹਾਂ ਲੋਕਾਂ ਨੂੰ ਸਮਰਪਿਤ ਜੋ ਇਹ ਕਹਿੰਦੇ ਹਨ ਕਿ ਓਨਮ ਇੱਕ ਹਿੰਦੂ ਤਿਉਹਾਰ ਹੈ ਅਤੇ ਸਾਡੇ ਗੁਆਂਢੀ ਸੂੁਬੇ ਨੂੰ ਸਮਰਪਿਤ, ਜਿਸ ਨੇ ਹਿਜਾਬ ਪਾ ਕੇ ਆਉਣ ਵਾਲੀਆਂ ਲੜਕੀਆਂ ਨੂੰ ਸਿੱਖਿਆ ਤੋਂ ਵਾਂਝੇ ਕੀਤਾ।’’ ਇਸ ਟਵੀਟ ਨੂੰ ਕਾਂਗਰਸੀ ਨੇਤਾ ਸ਼ਸ਼ੀ ਧਰੂਰ ਨੇ ਵੀ ਲਾਈਕ ਕੀਤਾ ਹੈ। ਪਾਰਟੀ ਦੇ ਵੰਦੂਰ ਤੋਂ ਵਿਧਾਇਕ ਏਪੀ ਅਨਿਲ ਕੁਮਾਰ ਨੇ ਆਪਣੇ ਫੇਸਬੁੱਕ ਪੇਜ ’ਤੇ ਇਹ ਵੀਡੀਓ ਸਾਂਝੀ ਕੀਤੀ ਹੈ। -ਪੀਟੀਆਈ