ਜੈਪੁਰ, 20 ਅਗਸਤ
ਭਾਜਪਾ ਦੇ ਸਾਬਕਾ ਵਿਧਾਇਕ ਦੀ ‘ਹਜੂਮੀ ਕਤਲਾਂ’ ਦੀ ਵਾਰਦਾਤ ਕਬੂਲਣ ਦੀ ਵੀਡੀਓ ਜਨਤਕ ਹੋ ਗਈ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਦਾ ਅਸਲ ਚਿਹਰਾ ਬੇਨਕਾਬ ਹੋ ਗਿਆ ਹੈ। ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੁਤਾਸਰਾ ਨੇ ਅੱਜ ਟਵਿੱਟਰ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਗਿਆਨ ਦੇਵ ਆਹੂਜਾ ਕਥਿਤ ਤੌਰ ’ਤੇ ਮੰਨ ਰਹੇ ਹਨ ਕਿ ਉਸ ਦੇ ਸਮਰਥਕਾਂ ਨੇ ਹੁਣ ਤੱਕ ਪੰਜ ਜਣਿਆਂ ਦਾ ‘ਹਜੂਮੀ ਕਤਲ’ ਕੀਤਾ ਹੈ। ਵੀਡੀਓ ਵਿੱਚ ਇੱਕ ਬੁਲਾਰਾ 45 ਸਾਲਾ ਚਿਰੰਜੀਲਾਲ ਸੈਨੀ ਦੇ ਹਜੂਮੀ ਕਤਲ ਖ਼ਿਲਾਫ਼ ਲੋਕਾਂ ਦੇ ਇੱਕ ਗਰੁੱਪ ਨੂੰ ਲਾਮਬੰਦ ਹੋਣ ਦੀ ਅਪੀਲ ਕਰ ਰਿਹਾ ਹੈ, ਜਦੋਂਕਿ ਭਾਜਪਾ ਆਗੂ ਉਸ ਨੂੰ ਟੋਕ ਕੇ ਟਿੱਪਣੀ ਕਰਦਾ ਨਜ਼ਰ ਆ ਰਿਹਾ ਹੈ। ਗੋਵਿੰਦਗੜ੍ਹ ਕਸਬੇ ਵਿੱਚ ਮੇਵ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਮੈਂਬਰਾਂ ਵੱਲੋਂ ਟਰੈਕਟਰ ਚੋਰੀ ਦੇ ਸ਼ੱਕ ਵਿੱਚ ਸੈਣੀ ਦੀ ਕਥਿਤ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਉਧਰ, ਭਾਜਪਾ ਦੇ ਅਲਵਰ ਇਕਾਈ ਦੇ ਪ੍ਰਧਾਨ ਸੰਜੈ ਸਿੰਘ ਨਰੂਲਾ ਨੇ ਕਿਹਾ ਕਿ ਇਹ ਸਾਬਕਾ ਵਿਧਾਇਕ ਦੇ ਨਿੱਜੀ ਵਿਚਾਰ ਹਨ ਅਤੇ ਪਾਰਟੀ ਅਜਿਹੀ ਸੋਚ ਨਹੀਂ ਰੱਖਦੀ। ਇਸ ਟਿੱਪਣੀ ਸਬੰਧੀ ਪੁੱਛਣ ’ਤੇ ਰਾਮਗੜ੍ਹ ਤੋਂ ਸਾਬਕਾ ਵਿਧਾਇਕ ਗਿਆਨ ਦੇਵ ਨੇ ਕਿਹਾ ਕਿ ਗਊ ਤਸਕਰੀ ਅਤੇ ਹੱਤਿਆ ਦੇ ਮਾਮਲੇ ਵਿੱਚ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਾਂਗਰਸ ਆਗੂ ਦੁਤਾਸਰਾ ਨੇ ਕਿਹਾ, ‘‘ਭਾਜਪਾ ਦੇ ਧਾਰਮਿਕ ਅਤਿਵਾਦ ਅਤੇ ਕੱਟੜਤਾ ਦਾ ਹੋਰ ਕੀ ਸਬੂਤ ਚਾਹੀਦਾ ਹੈ?’’ -ਪੀਟੀਆਈ