ਬੰਗਲੂਰੂ, 24 ਅਪਰੈਲ
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਦਲ-ਬਦਲੀ ਰੋਕੂ ਕਾਨੂੰਨ ਵਿਚਲੀਆਂ ਕਮੀਆਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਕਾਰਨ ਵੱਡੇ ਪੱਧਰ ’ਤੇ ਦਲ-ਬਦਲੀਆਂ ਹੁੰਦੀਆਂ ਹਨ। ਉਨ੍ਹਾਂ ਇਸ ਕਾਨੂੰਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ’ਚ ਸੋਧਾਂ ਕਰਨ ’ਤੇ ਜ਼ੋਰ ਦਿੱਤਾ।
ਅੱਜ ਇੱਥੋਂ ਦੇ ਪ੍ਰੈੱਸ ਕਲੱਬ ’ਚ ‘ਨਵੇਂ ਭਾਰਤ ’ਚ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ਦਲ-ਬਦਲੀ ਰੋਕੂ ਕਾਨੂੰਨ ’ਚ ਬਹੁਤ ਸਾਰੀਆਂ ਕਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ ਤਾਂ ਜੋ ਵਿਧਾਇਕਾਂ ਦੇ ਇੱਕ ਪਾਰਟੀ ਤੋਂ ਦੂਜੀ ਪਾਰਟੀ ’ਚ ਜਾਣ ਦੇ ਰੁਝਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ, ‘ਇਸ ਨਾਲ ਥੋੜ੍ਹੇ ਨਹੀਂ ਬਲਕਿ ਥੋਕ ਦੇ ਭਾਅ ’ਚ ਦਲ-ਬਦਲੀਆਂ ਹੋ ਰਹੀਆਂ ਹਨ।’ ਉਨ੍ਹਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਅਸਤੀਫਾ ਦੇਣ ਅਤੇ ਮੁੜ ਚੋਣ ਲੜ ਕੇ ਜਿੱਤਣ ਤੇ ਫਿਰ ਕਿਸੇ ਹੋਰ ਪਾਰਟੀ ’ਚ ਜਾਣ। ਜੇ ਕੋਈ ਚੁਣਿਆ ਹੋਇਆ ਨੁਮਾਇੰਦਾ ਪਾਰਟੀ ਨੂੰ ਛੱਡਣਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਮੁੜ ਚੋਣ ਲੜੇ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦਲ-ਬਦਲੀ ਰੋਕੂ ਕਾਨੂੰਨ ’ਚ ਸੋਧ ਕਰਕੇ ਇਸ ਵਿਚਲੀਆਂ ਕਮੀਆਂ ਨੂੰ ਦੂਰ ਕੀਤਾ ਜਾਵੇ।’ ਉਨ੍ਹਾਂ ਸਪੀਕਰਾਂ, ਚੇਅਰਪਰਸਨਾਂ ਤੇ ਅਦਾਲਤਾਂ ਵੱਲੋਂ ਦਲ-ਬਦਲੀ ਰੋਕੂ ਕਾਨੂੰਨ ਨਾਲ ਸਬੰਧਤ ਕੇਸ ਲੰਮੇ ਸਮੇਂ ਲਟਕਾਏ ਜਾਣ ’ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ। -ਪੀਟੀਆਈ