ਨਵੀਂ ਦਿੱਲੀ, 18 ਜੁਲਾਈ
ਭਾਰਤ ਦਾ ਅਗਲਾ ਉਪ ਰਾਸ਼ਟਰਪਤੀ ਬਣਨ ਲਈ ਤਿਆਰ ਐੱਨਡੀਏ ਉਮੀਦਵਾਰ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਉਹ ਜਮਹੂਰੀ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਯਤਨ ਕਰਦੇ ਰਹਿਣਗੇ। ਧਨਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਉਨ੍ਹਾਂ ਦੀ ਹਮਾਇਤ ਕਰਨ ਵਾਲੀਆਂ ਹੋਰਨਾਂ ਪਾਰਟੀਆਂ ਦੇ ਸੀਨੀਅਰ ਮੈਂਬਰਾਂ ਦੀ ਮੌਜੂਦਗੀ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਸ੍ਰੀ ਧਨਖੜ ਨੇ ਨਾਮਜ਼ਦਗੀ ਭਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਵਰਗੇ ਕਿਸਾਨ ਪਰਿਵਾਰ ਦੇ ਸਾਧਾਰਨ ਵਿਅਕਤੀ ਨੂੰ ਅਜਿਹਾ ‘ਇਤਿਹਾਸਕ’ ਮੌਕਾ ਮਿਲੇਗਾ। ਉਨ੍ਹਾਂ ਕਿਹਾ, ‘‘ਮੇਰੇ ਕੋਲ ਇਸ ਮੌਕੇ ਲਈ ਸ਼ਬਦ ਨਹੀਂ ਹਨ ਤੇ ਮੈਂ ਸੰਵਿਧਾਨ ਦੇ ਬਾਨੀਆਂ, ਭਾਰਤ ਦੀਆਂ ਮਹਾਨ ਜਮਹੂਰੀ ਕਦਰਾਂ ਕੀਮਤਾਂ ਤੇ ਇਸ ਦੀ ਤਹਿਜ਼ੀਬੀ ਤਾਕਤ ਨੂੰ ਸਲਾਮ ਕਰਦਾ ਹਾਂ।’’ 6 ਅਗਸਤ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਭਰਨ ਮੌਕੇ ਧਨਖੜ ਨਾਲ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਜੇ.ਪੀ.ਨੱਢਾ ਤੇ ਭਾਜਪਾ ਭਾਈਵਾਲ ਵੀ ਮੌਜੂਦ ਸਨ। ਬਹੁਗਿਣਤੀ ਸੰਸਦ ਮੈਂਬਰਾਂ ਦੀ ਹਮਾਇਤ ਕਰਕੇ ਧਨਖੜ ਦਾ ਉਪ ਰਾਸ਼ਟਰਪਤੀ ਚੋਣ ਵਿੱਚ ਜਿੱਤਣਾ ਲਗਪਗ ਤੈਅ ਹੈ। ਉਪ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਦੋਵਾਂ ਸਦਨਾਂ ਦੇ ਸੰਸਦ ਮੈਂਬਰ ਹੀ ਵੋਟ ਪਾ ਸਕਦੇ ਹਨ। ਵਿਰੋਧੀ ਧਿਰਾਂ ਨੇ ਧਨਖੜ ਦੇ ਮੁਕਾਬਲੇ ਮਾਰਗਰੇਟ ਅਲਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਪ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 19 ਜੁਲਾਈ ਹੈ। ਮੌਜੂਦਾ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ ਅਤੇ ਨਵੇਂ ਉਪ ਰਾਸ਼ਟਰਪਤੀ 11 ਅਗਸਤ ਨੂੰ ਅਹੁਦਾ ਸੰਭਾਲਣਗੇ। -ਪੀਟੀਆਈ