ਨਵੀਂ ਦਿੱਲੀ, 17 ਜੁਲਾਈ
ਵਿਰੋਧੀ ਧਿਰਾਂ ਨੇ ਉਪ ਰਾਸ਼ਟਰਪਤੀ ਚੋਣ ਲਈ ਕਾਂਗਰਸ ਆਗੂ ਅਤੇ ਰਾਜਸਥਾਨ ਦੀ ਸਾਬਕਾ ਰਾਜਪਾਲ ਮਾਰਗਰੇਟ ਅਲਵਾ (80) ਨੂੰ ਸਾਂਝਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਲਿਆ ਹੈ। ਅਲਵਾ ਵੱਲੋਂ ਮੰਗਲਵਾਰ ਨੂੰ ਪਰਚੇ ਭਰੇ ਜਾਣਗੇ ਜਿਸ ਦਿਨ ਪਰਚੇ ਭਰਨ ਦੀ ਆਖਰੀ ਤਰੀਕ ਹੈ ਅਤੇ 6 ਅਗਸਤ ਨੂੰ ਅਹੁਦੇ ਲਈ ਚੋਣ ਹੋਵੇਗੀ। ਐੱਨਡੀਏ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਅਲਵਾ ਨੂੰ ਉਮੀਦਵਾਰ ਬਣਾਉਣ ਦਾ ਫ਼ੈਸਲਾ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਹੋਈ 17 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ’ਚ ਲਿਆ ਗਿਆ। ਕਰੀਬ ਦੋ ਘੰਟੇ ਦੀ ਮੀਟਿੰਗ ਮਗਰੋਂ ਪਵਾਰ ਨੇ ਐਲਾਨ ਕੀਤਾ,‘‘ਅਸੀਂ ਸਰਬਸੰਮਤੀ ਨਾਲ ਮਾਰਗਰੇਟ ਅਲਵਾ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਸਾਂਝਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਲਿਆ ਹੈ। ਉਹ ਮੰਗਲਵਾਰ ਨੂੰ ਕਾਗਜ਼ ਦਾਖ਼ਲ ਕਰਨਗੇ।’’ ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਮਾਇਤ ਸਮੇਤ ਕੁੱਲ 19 ਪਾਰਟੀਆਂ ਦੀ ਅਲਵਾ ਸਾਂਝੇ ਉਮੀਦਵਾਰ ਹੋਣਗੇ। ‘ਅਸੀਂ ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਸਾਡੇ ਸਾਂਝੇ ਰਾਸ਼ਟਰਪਤੀ ਉਮੀਦਵਾਰ ਨੂੰ ਹਮਾਇਤ ਦਿੱਤੀ ਹੈ। ਜੇਐੱਮਐੱਮ ਵੀ ਇਸ ਚੋਣ ’ਚ ਸਾਡੇ ਨਾਲ ਹੈ।’ ਸ਼ਿਵ ਸੈਨਾ ਦੇ ਸੰਜੈ ਰਾਊਤ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਸ ਚੋਣ ’ਚ ਇਕੱਠੀਆਂ ਹਨ। ਮੀਟਿੰਗ ’ਚ ਕਾਂਗਰਸ ਦੇ ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਸੀਪੀਐੱਮ ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ ਰਾਜਾ, ਬਿਨੋਏ ਵਿਸ਼ਵਮ, ਸ਼ਿਵ ਸੈਨਾ ਦੇ ਸੰਜੈ ਰਾਊਤ, ਡੀਐੱਮਕੇ ਦੇ ਟੀ ਆਰ ਬਾਲੂ, ਤਿਰੁਚੀ ਸ਼ਿਵਾ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਐੱਮਡੀਐੱਮਕੇ ਦੇ ਵਾਇਕੋ, ਟੀਆਰਐੱਸ ਦੇ ਕੇ ਕੇਸ਼ਵ ਰਾਓ, ਆਰਜੇਡੀ ਦੇ ਏ ਡੀ ਸਿੰਘ, ਆਈਐੱਮਯੂਐੱਲ ਦੇ ਈ ਟੀ ਮੁਹੰਮਦ ਬਸ਼ੀਰ ਤੇ ਕੇਰਲਾ ਕਾਂਗਰਸ (ਐੱਮ) ਦੇ ਜੋਸ ਮਣੀ ਹਾਜ਼ਰ ਸਨ। -ਪੀਟੀਆਈ