ਕੋਲਕਾਤਾ, 3 ਅਪਰੈਲ
ਸੋਸ਼ਲ ਮੀਡੀਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਪਲੱਸਤਰ ਵਾਲਾ ਪੈਰ ਹਿਲਾਉਣ ਦੀ ਕਥਿਤ ਵੀਡੀਓ ਸਾਹਮਣੇ ਆਉਣ ਮਗਰੋਂ ਭਾਜਪਾ ਤੇ ਟੀਐੱਮਸੀ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਦੇ ਬੁਲਾਰੇ ਪ੍ਰਣਵ ਰੌਇ ਨੇ ਕਿਹਾ ਕਿ ਮਮਤਾ ਬੈਨਰਜੀ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਆਪਣੀ ਸੱਟ ਦਾ ਨਾਟਕ ਬੰਦ ਕਰਨਾ ਚਾਹੀਦਾ ਹੈ। ਭਾਜਪਾ ਦੇ ਸੀਨੀਅਰ ਆਗੂ ਰਾਹੁਲ ਸਿਨਹਾ ਨੇ ਕਿਹਾ ਕਿ ਟੀਐੱਮਸੀ ਸੁਪਰੀਮੋ ਦੀਆਂ ਪੱਟੀਆਂ ਨਾਲ ਉਨ੍ਹਾਂ ਨੂੰ ਵੋਟ ਨਹੀਂ ਮਿਲਣਗੇ। ਭਾਜਪਾ ਆਗੂਆਂ ਦੇ ਬਿਆਨ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਸੂਬੇ ਦੇ ਮੰਤਰੀ ਸ਼ਸ਼ੀ ਪਾਂਜਾ ਨੇ ਕਿਹਾ ਕਿ ਬੈਨਰਜੀ ਦੀ ਸੱਟ ’ਤੇ ਸ਼ੱਕ ਪੈਦਾ ਕਰਕੇ ਭਾਜਪਾ ਨੇ ਨਾ ਸਿਰਫ਼ ਮਮਤਾ ਬੈਨਰਜੀ ਬਲਕਿ ਸਾਰੇ ਬੰਗਾਲ ਦੀਆਂ ਔਰਤਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਅਪਮਾਨ ਕੀਤਾ ਹੈ, ਅਸੀਂ ਉਸ ਦੀ ਨਿੰਦਾ ਕਰਦੇ ਹਾਂ। -ਪੀਟੀਆਈ