ਚੇਨੱਈ, 16 ਅਪਰੈਲ
ਡੀਐਮਕੇ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਕਈ ਥਾਈਂ ਜਿੱੱਥੇ ਈਵੀਐਮ ਸਟਰਾਂਗ ਰੂਮ ਵਿਚ ਰੱਖੀਆਂ ਗਈਆਂ ਹਨ, ਉੱਥੇ ਕਈ ਵਿਅਕਤੀ ਤੇ ਵਾਹਨ ‘ਬਿਨਾਂ ਇਜਾਜ਼ਤ’ ਦਾਖਲ ਹੋਏ ਹਨ। ਜ਼ਿਕਰਯੋਗ ਹੈ ਕਿ ਚੇਨੱਈ ਵਿਚ ਛੇ ਅਪਰੈਲ ਨੂੰ ਵਿਧਾਨ ਸਭਾ ਲਈ ਵੋਟਾਂ ਪਈਆਂ ਹਨ। ਪਾਰਟੀ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਕਿਹਾ ਹੈ। ਪਾਰਟੀ ਪ੍ਰਧਾਨ ਐਮ.ਕੇ. ਸਟਾਲਿਨ ਨੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਤੇ ਸੂਬੇ ਦੇ ਚੋਣ ਅਧਿਕਾਰੀ ਸੱਤਿਆਬ੍ਰਤ ਸਾਹੂ ਨੂੰ ਮੈਮੋਰੰਡਮ ਵੀ ਸੌਂਪਿਆ ਹੈ। ਸਟਾਲਿਨ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਵਾਹਨ ਤੇ ਵਿਅਕਤੀਆਂ ਨੂੰ ਈਵੀਐਮ ਵਾਲੀਆਂ ਥਾਵਾਂ ਅੰਦਰ ਦਾਖ਼ਲ ਹੋਣੋਂ ਰੋਕਿਆ ਜਾਵੇ। ਸਟਾਲਿਨ ਨੇ ਕਿਹਾ ਕਿ ਢਕੇ ਹੋਏ ਵਾਹਨ ਕੋਇੰਬਟੂਰ, ਤਿਰੂਵਲੂਰ ਤੇ ਚੇਨੱਈ ’ਚ ਕਈ ਥਾਈਂ ਦੇਖੇ ਗਏ ਹਨ ਤੇ ਇਨ੍ਹਾਂ ਨੂੰ ਮੋਬਾਈਲ ਪਖ਼ਾਨੇ ਦੱਸਿਆ ਗਿਆ। ਇਸ ਤੋਂ ਇਲਾਵਾ ਵਾਹਨ ਦੇ ਨੇੜੇ ਵਾਈ-ਫਾਈ ਇੰਟਰਨੈੱਟ ਕੁਨੈਕਸ਼ਨ ਵੀ ਚੱਲਦੇ ਮਿਲੇ। ਡੀਐਮਕੇ ਆਗੂ ਨੇ ਕਿਹਾ ਕਿ ਈਵੀਐਮ ਜਿੱਥੇ ਰੱਖੀਆਂ ਗਈਆਂ ਹਨ, ਉਹ ਵੱਡੇ ਕਾਲਜ ਹਨ ਤੇ ਮੋਬਾਈਲ ਪਖ਼ਾਨਿਆਂ ਦੀ ਉੱਥੇ ਕੋਈ ਲੋੜ ਨਹੀਂ ਹੈ। -ਪੀਟੀਆਈ