ਮੁੰਬਈ, 27 ਜਨਵਰੀ
ਅਦਾਕਾਰ ਵਰੁਣ ਧਵਨ ਨੇ ਬੁੱਧਵਾਰ ਨੂੰ ਆਪਣੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਤੇ ਉਸ ਦੀ ਪਤਨੀ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਨੂੰ ਉਨ੍ਹਾਂ ਦੇ ਵਿਆਹ ਮੌਕੇ ਦਿੱਤੇ ਪਿਆਰ ਤੇ ਸਨੇਹ ਭਰੇ ਸੁਨੇਹਿਆਂ ਲਈ ਧੰਨਵਾਦ ਕੀਤਾ। ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਹਾਜ਼ਰੀ ਵਿਚ ਉਨ੍ਹਾਂ ਦੀਆਂ ਵਿਆਹ ਦੀਆਂ ਰਸਮਾਂ 24 ਜਨਵਰੀ ਨੂੰ ਅਲੀਬਾਗ ਦੇ ਆਲੀਸ਼ਾਨ ਰਿਜ਼ੋਰਟ ਦਿ ਮੈਨਸ਼ਨ ਹਾਊਸ ਵਿਚ ਹੋਈਆਂ। ਆਪਣੇ ਟਵਿੱਟਰ ਖਾਤੇ ’ਤੇ ਪਾਈ ਪੋਸਟ ਵਿਚ ਉਸ ਨੇ ਲਿਖਿਆ ਕਿ ਉਸ ਦੇ ਚਾਹੁਣ ਵਾਲਿਆਂ ਵੱਲੋਂ ਭੇਜੇ ਸੁਨੇਹੇ ਤੇ ਦਿੱਤੇ ਆਸ਼ੀਰਵਾਦ ਲਈ ਉਹ ਦਿਲ ਤੋਂ ਧੰਨਵਾਦੀ ਹਨ। ਉਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਤੇ ਨਤਾਸ਼ਾ ਨੂੰ ਵੱਡੀ ਗਿਣਤੀ ਵਿਚ ਸੁਨੇਹੇ ਮਿਲੇ ਹਨ। ਉਸ ਨੇ ਲਿਖਿਆ ਹੈ ਕਿ ਇਨ੍ਹਾਂ ਸੁਨੇਹਿਆਂ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਪਿਆਰ ਤੇ ਚੰਗੀ ਊਰਜਾ ਭਰੀ ਹੋਈ ਹੈ। ਧਵਨ ਤੇ ਨਤਾਸ਼ਾ ਨੇ ਮਈ 2020 ਵਿਚ ਵਿਆਹ ਦਾ ਫ਼ੈਸਲਾ ਕੀਤਾ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਹ ਰਸਮ 2021 ਤਕ ਟਾਲ ਦਿੱਤੀ ਗਈ ਸੀ। ਧਵਨ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਆਪਣੇ ਵਿਆਹ ਦੀਆਂ ਦੋ ਫੋਟੋਆਂ ਵੀ ਪਾਈਆਂ ਹਨ। ਉਹ ‘ਜੁਗ ਜੁਗ ਜੀਓ’ ਫਿਲਮ ਵਿਚ ਅਨਿਲ ਕਪੂਰ, ਨੀਤੂ ਕਪੂਰ ਅਤੇ ਕਿਆਰਾ ਅਡਵਾਨੀ ਨਾਲ ਨਜ਼ਰ ਆਉਣਗੇ।
-ਪੀਟੀਆਈ