ਗਾਜ਼ੀਆਬਾਦ: ਸੋਲਾਂ ਸਾਲ ਪਹਿਲਾਂ ਵਾਰਾਨਸੀ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਅਤਿਵਾਦੀ ਵਲੀਉੱਲ੍ਹਾ ਖਾਨ ਨੂੰ ਅਦਾਲਤ ਨੇ ਅੱਜ ਫਾਂਸੀ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਧਮਾਕਿਆਂ ਵਿਚ 20 ਲੋਕ ਮਾਰੇ ਗਏ ਸਨ ਤੇ ਕਰੀਬ 100 ਫੱਟੜ ਹੋ ਗਏ ਸਨ। ਜ਼ਿਲ੍ਹਾ ਸੈਸ਼ਨ ਜੱਜ ਜਿਤੇਂਦਰ ਕੁਮਾਰ ਸਿਨਹਾ ਨੇ ਖਾਨ ਨੂੰ ਸ਼ਨਿਚਰਵਾਰ ਦੋਸ਼ੀ ਕਰਾਰ ਦਿੱਤਾ ਸੀ ਪਰ ਸਜ਼ਾ ਬਾਰੇ ਫ਼ੈਸਲਾ ਰਾਖ਼ਵਾਂ ਰੱਖ ਲਿਆ ਸੀ। ਧਮਾਕੇ 2006 ਵਿਚ ਵਾਰਾਨਸੀ ਦੇ ਸੰਕਟ ਮੋਚਨ ਹਨੂਮਾਨ ਮੰਦਰ ਤੇ ਇਕ ਰੇਲਵੇ ਸਟੇਸ਼ਨ ਉਤੇ ਹੋਏ ਸਨ। ਅਦਾਲਤ ਨੇ ਖਾਨ ਨੂੰ ਹੱਤਿਆ ਦੀ ਕੋਸ਼ਿਸ਼ ਦੇ ਇਕ ਹੋਰ ਕੇਸ ਵਿਚ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਤੇ ਜੁਰਮਾਨਾ ਵੀ ਕੀਤਾ ਹੈ। ਮੌਤ ਦੀ ਸਜ਼ਾ ਉਤੇ ਮੋਹਰ ਹੁਣ ਅਲਾਹਾਬਾਦ ਹਾਈ ਕੋਰਟ ਲਾਏਗਾ। ਇਕ ਵਿਸ਼ੇਸ਼ ਟਾਸਕ ਫੋਰਸ ਨੇ 2006 ਵਿਚ ਦਾਅਵਾ ਕੀਤਾ ਸੀ ਕਿ ਖਾਨ ਬੰਗਲਾਦੇਸ਼ ਦੇ ਅਤਿਵਾਦੀ ਸੰਗਠਨ ਹਰਕਤ-ਉਲ-ਜਹਾਦ ਅਲ-ਇਸਲਾਮੀ ਨਾਲ ਜੁੜਿਆ ਹੋਇਆ ਸੀ ਤੇ ਧਮਾਕਿਆਂ ਦਾ ਸਾਜ਼ਿਸ਼ਘਾੜਾ ਸੀ। ਇਕ ਹੋਰ ਕੇਸ ਵਿਚ ਖਾਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਾਰਾਨਸੀ ਵਿਚ ਵਕੀਲਾਂ ਨੇ ਇਸ ਕੇਸ ਨੂੰ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਅਲਾਹਾਬਾਦ ਹਾਈ ਕੋਰਟ ਨੇ ਕੇਸ ਗਾਜ਼ੀਆਬਾਦ ਦੀ ਅਦਾਲਤ ਨੂੰ ਸੌਂਪ ਦਿੱਤਾ ਸੀ। ਤਿੰਨਾਂ ਕੇਸਾਂ ਵਿਚ 121 ਗਵਾਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। -ਪੀਟੀਆਈ