ਨਵੀਂ ਦਿੱਲੀ, 16 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਕਈ ਉੱਚ ਸ਼ਖ਼ਸੀਅਤਾਂ ਨੇ ਅੱਜ ਇਥੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਚੌਥੀ ਬਰਸੀ ’ਤੇ ਸ਼ਰਧਾਂਜਲੀਆਂ ਦਿੱਤੀਆਂ। ਵਾਜਪਾਈ ਦੀ ਯਾਦਗਾਰ ‘ਸਦੈਵ ਅਟਲ’ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਸਣੇ ਕਈ ਕੇਂਦਰੀ ਮੰਤਰੀ ਤੇ ਹੋਰ ਆਗੂ ਵੀ ਮੌਜੂਦ ਸਨ।
ਸ੍ਰੀ ਮੋਦੀ ਨੇ ਮਗਰੋਂ ਟਵੀਟ ਕੀਤਾ, ‘‘ਸਤਿਕਾਰਯੋਗ ਅਟਲ ਜੀ ਦੀ ਅੱਜ ਬਰਸੀ ਮੌਕੇ ਸਦੈਵ ਅਟਲ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਅਸੀਂ ਅਟਲ ਜੀ ਦੀਆਂ ਦੇਸ਼ ਸੇਵਾ ਲਈ ਕੀਤੀਆਂ ਕੋਸ਼ਿਸ਼ਾਂ ਤੋਂ ਹਮੇਸ਼ਾ ਪ੍ਰੇਰਨਾ ਲੈਂਦੇ ਰਹਾਂਗੇ। ਉਨ੍ਹਾਂ ਭਾਰਤ ਦੀ ਕਾਇਆਕਲਪ ਲਈ ਕੀਤੇ ਯਤਨਾਂ ਦੀ ਅਗਵਾਈ ਕੀਤੀ ਤੇ ਸਾਡੇ ਦੇਸ਼ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ।’’ ਸ੍ਰੀ ਮੋਦੀ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ਵਿੱਚ ਰੱਖੀ ਪ੍ਰਾਰਥਨਾ ਸਭਾ ਵਿੱਚ ਵੀ ਸ਼ਾਮਲ ਹੋਏ। ਅਟਲ ਬਿਹਾਰੀ ਵਾਜਪਾਈ 1998 ਤੋਂ 2004 ਦਰਮਿਆਨ ਛੇ ਸਾਲ ਲਈ ਪ੍ਰਧਾਨ ਮੰਤਰੀ ਰਹੇ। ਭਾਰਤ ਰਤਨ ਐਵਾਰਡੀ ਸ੍ਰੀ ਵਾਜਪਾਈ ਦਾ 2018 ਵਿੱਚ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। -ਪੀਟੀਆਈ