ਸ਼ਿਰੜੀ, 30 ਅਕਤੂੁਬਰ
ਕਾਂਗਰਸ ਆਗੂ ਰਾਹੁਲ ਗਾਂਧੀ ਦੇ ਰਿਸ਼ਤੇਦਾਰ ਅਤੇ ਉੱਘੇ ਕਾਰੋਬਾਰੀ ਰੌਬਰਟ ਵਾਡਰਾ ਨੇ ਕਿਹਾ ਹੈ ਕਿ ਭਾਰਤ ਜੋੜੋ ਯਾਤਰਾ ਨਾਲ ਦੇਸ਼ ’ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕ ਯਾਤਰਾ ਨਾਲ ਜੁੜ ਰਹੇ ਹਨ ਅਤੇ ਉਹ ਰਾਹੁਲ ਨੂੰ ਭਵਿੱਖ ਦੀ ਆਸ ਵਜੋਂ ਦੇਖ ਰਹੇ ਹਨ। ਮਸ਼ਹੂਰ ਸਾਈ ਬਾਬਾ ਮੰਦਰ ’ਚ ਮੱਥਾ ਟੇਕਣ ਪੁੱਜੇ ਵਾਡਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਧਾਰਮਿਕ ਆਗੂ ਸਾਈ ਬਾਬਾ ਨਾਲ ਮੇਲ ਖਾਂਦੀ ਹੈ ਜਿਨ੍ਹਾਂ ਏਕਤਾ ਦਾ ਪ੍ਰਚਾਰ ਕੀਤਾ ਸੀ। ਉਨ੍ਹਾਂ ਆਸ ਜਤਾਈ ਕਿ ਸਾਈ ਬਾਬਾ ਦਾ ਰਾਹੁਲ ਨੂੰ ਆਸ਼ੀਰਵਾਦ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ,‘‘ਰਾਹੁਲ ਗਾਂਧੀ ਲੋਕਾਂ ਲਈ ਆਸ ਦੀ ਨਵੀਂ ਕਿਰਨ ਹੈ। ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਆਪਣੀਆਂ ਨਾਕਾਮੀਆਂ ਦੀ ਗੱਲ ਨਹੀਂ ਕਰੇਗੀ। ਉਹ ਕਾਂਗਰਸ ਦਾ ਮਖੌਲ ਉਡਾਉਂਦੀ ਹੈ ਪਰ ਰਾਹੁਲ ਅਤੇ ਪ੍ਰਿਯੰਕਾ ਨਹੀਂ ਰੁਕਣਗੇ। ਅਸੀਂ ਲੋਕਾਂ ਨਾਲ ਰਲ ਕੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਾਂਗੇ।’’ ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੂੰ ਲੋਕਾਂ ਤੋਂ ਢੇਰ ਸਾਰਾ ਪਿਆ ਮਿਲ ਰਿਹਾ ਹੈ ਅਤੇ ਕਾਂਗਰਸ ਦੇ ਨਵੇਂ ਪ੍ਰਧਾਨ (ਮਲਿਕਾਰਜੁਨ ਖੜਗੇ) ਲੋਕਾਂ ਦੀ ਸਹਾਇਤਾ ਕਰਨ ਦੀ ਜੀ-ਤੋੜ ਮਿਹਨਤ ਕਰਨਗੇ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਛੱਡਣ ਦੀ ਸੋਚਣ ਵਾਲਿਆਂ ਨੂੰ ਖ਼ਬਰਦਾਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਪਾਰਟੀ ਛੱਡਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ ਪਰ ਜਿਹੜੇ ਨਾਲ ਰਹਿਣਗੇ, ਉਹ ਸੋਨੀਆ ਗਾਂਧੀ ਅਤੇ ਰਾਹੁਲ ਤੇ ਪ੍ਰਿਯੰਕਾ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਜ਼ਰੂਰ ਸਮਝਣਗੇ। -ਪੀਟੀਆਈ