ਨਵੀਂ ਦਿੱਲੀ, 10 ਅਗਸਤ
ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ) ਦੀਆਂ ਦੋ ਸੰਸਥਾਵਾਂ ਨੇ ਲੰਪੀ ਸਕਿਨ ਰੋਗ ਦੇ ਇਲਾਜ ਲਈ ਸਵਦੇਸ਼ੀ ਵੈਕਸੀਨ ਵਿਕਸਤ ਕੀਤੀ ਹੈ। ਕੇਂਦਰ ਵੱਲੋਂ ਇਹ ਵੈਕਸੀਨ ਵੇਚੇ ਜਾਣ ਦੀ ਯੋਜਨਾ ਹੈ। ਆਈਸੀਏਆਰ-ਐੱਨਆਰਸੀਈ ਹਿਸਾਰ ਅਤੇ ਆਈਸੀਏਆਰ-ਆਈਵੀਆਰਆਈ ਇਜ਼ਤਨਗਰ, ਉੱਤਰਪ੍ਰਦੇਸ਼ ਵੱਲੋਂ ਵੈਕਸੀਨ ‘ਲੰਪੀ-ਪ੍ਰੋਵੈਕਇੰਡ’ ਵਿਕਸਤ ਕੀਤੀ ਗਈ ਹੈ। ਦੋਵੇਂ ਸੰਸਥਾਵਾਂ ਪ੍ਰਤੀ ਮਹੀਨਾ 2.5 ਲੱਖ ਖੁਰਾਕਾਂ ਦਾ ਉਤਪਾਦਨ ਕਰ ਸਕਦੀਆਂ ਹਨ ਅਤੇ ਹਰ ਖੁਰਾਕ ਦੀ ਕੀਮਤ 1 ਤੋਂ 2 ਰੁਪਏ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਕੌਮੀ ਰਾਜਧਾਨੀ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਨਵੀਂ ਤਕਨੀਕ ਨੂੰ ਜਾਰੀ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਤੋਮਰ ਨੇ ਕਿਹਾ, ‘‘ਜਾਨਵਰਾਂ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ।’’ ਇਸ ਦੌਰਾਨ ਉਨ੍ਹਾਂ ਵੈਕਸੀਨ ਦੀ ਉਤਪਾਦਨ ਸਮਰੱਥਾ ਵਧਾਉਣ ’ਤੇ ਜ਼ੋਰ ਦਿੱਤਾ ਤਾਂ ਜੋ ਇਸ ਨੂੰ 30 ਕਰੋੜ ਪਸ਼ੂਆਂ ਦੇ ਟੀਕਾਕਰਨ ਲਈ ਜਲਦੀ ਜ਼ਮੀਨੀ ਪੱਧਰ ’ਤੇ ਪਹੁੰਚਾਇਆ ਜਾ ਸਕੇ। ਰੁਪਾਲਾ ਨੇ ਇਹ ਵੈਕਸੀਨ ਵਿਕਸਤ ਕਰਨ ਲਈ ਆਈਸੀਏਆਰ ਦੇ ਵਿਗਿਆਨੀਆਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਲੰਪੀ ਸਕਿਨ ਕਾਰਨ ਛੇ ਰਾਜਾਂ ਵਿੱਚ ਕਈ ਪਸ਼ੂਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਅੱਠ ਅਗਸਤ ਤੱਕ ਰਾਜਸਥਾਨ ਵਿੱਚ 2,111, ਗੁਜਰਾਤ ਵਿੱਚ 1,679, ਪੰਜਾਬ ਵਿੱਚ 672, ਹਿਮਾਚਲ ਪ੍ਰਦੇਸ਼ ਵਿੱਚ 38, ਅੰਡੇਮਾਨ ਨੀਕੋਬਾਰ ਵਿੱਚ 29 ਅਤੇ ਉੱਤਰਾਖੰਡ ਵਿੱਚ 26 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ