ਨਵੀਂ ਦਿੱਲੀ, 17 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੂਹਰਲੀ ਕਤਾਰ ਦੇ ਯੋਧਿਆਂ ਨਾਲ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਰਣਨੀਤੀ ਦਾ ਕਰੋਨਾ ਦੀ ਦੂਜੀ ਲਹਿਰ ’ਚ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਟੀਕੇ ਲੱਗੇ ਹੋਣ ਕਰਕੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣੀ ਕਿਉਂਕਿ 90 ਫ਼ੀਸਦ ਦੇ ਕਰੀਬ ਸਿਹਤ ਮਾਹਿਰਾਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਸੀ। ਵੀਡੀਓ ਕਾਨਫਰੰਸਿੰਗ ਰਾਹੀਂ ਡਾਕਟਰਾਂ ਦੇ ਇਕ ਗਰੁੱਪ ਨਾਲ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਟੈਸਟਿੰਗ, ਦਵਾਈਆਂ ਦੀ ਸਪਲਾਈ ਜਾਂ ਨਵੇਂ ਹਸਪਤਾਲ ਤੇ ਕੇਂਦਰ ਆਦਿ ਦੀ ਰਿਕਾਰਡ ਸਮੇਂ ’ਚ ਸਥਾਪਨਾ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਵੱਲੋਂ ਸਰਕਾਰ ਦੀ ਟੀਕਾਕਰਨ ਮੁਹਿੰਮ ਅਤੇ ਮਹਾਮਾਰੀ ਦੀ ਦੂਜੀ ਲਹਿਰ ਦੇ ਟਾਕਰੇ ’ਚ ਖਾਮੀਆਂ ਦੀ ਤਿੱਖੀ ਆਲੋਚਨਾ ਦੌਰਾਨ ਇਹ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਉਤਪਾਦਨ ਅਤੇ ਸਪਲਾਈ ਦੀਆਂ ਚੁਣੌਤੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਮਬੀਬੀਐੱਸ ਦੇ ਵਿਦਿਆਰਥੀਆਂ ਨੂੰ ਕੋਵਿਡ ਇਲਾਜ ਅਤੇ ਪਿੰਡਾਂ ’ਚ ਆਂਗਨਵਾੜੀ ਮੁਲਾਜ਼ਮਾਂ ਤੇ ਆਸ਼ਾ ਵਰਕਰਾਂ ਆਦਿ ਜਿਹੇ ਮਾਨਵੀ ਵਸੀਲਿਆਂ ਨੂੰ ਜੁਟਾਉਣ ਨਾਲ ਸਿਹਤ ਪ੍ਰਬੰਧ ਨੂੰ ਵਧੇਰੇ ਸਹੂਲਤ ਮੁਹੱਈਆ ਕਰਵਾਈ ਗਈ ਹੈ। ਪ੍ਰਧਾਨ ਮੰਤਰੀ ਨੇ ਮੈਡੀਕਲ ਭਾਈਚਾਰੇ ਅਤੇ ਪੈਰਾ ਮੈਡੀਕਲ ਅਮਲੇ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੂਰਾ ਮੁਲਕ ਉਨ੍ਹਾਂ ਦਾ ਕਰਜ਼ਦਾਰ ਰਹੇਗਾ। ਘਰੇਲੂ ਇਕਾਂਤਵਾਸ ’ਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਵੱਡੀ ਗਿਣਤੀ ਹੋਣ ਕਰਕੇ ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਉਹ ਹਦਾਇਤਾਂ ਮੁਤਾਬਕ ਹਰੇਕ ਮਰੀਜ਼ ਦਾ ਇਲਾਜ ਯਕੀਨੀ ਬਣਾਉਣ।
ਉਨ੍ਹਾਂ ਡਾਕਟਰਾਂ ਨੂੰ ਪਿੰਡਾਂ, ਤਹਿਸੀਲਾਂ ਅਤੇ ਜ਼ਿਲ੍ਹਿਆਂ ’ਚ ਕੰਮ ਕਰਨ ਲਈ ਕਿਹਾ। ਗੱਲਬਾਤ ਦੌਰਾਨ ਡਾਕਟਰਾਂ ਨੇ ਸ੍ਰੀ ਮੋਦੀ ਵੱਲੋਂ ਦਿੱਤੀ ਗਈ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਡਾਕਟਰਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਮਹਾਮਾਰੀ ਦੌਰਾਨ ਅਪਣਾਏ ਗਏ ਨਿਵੇਕਲੇ ਤਰੀਕਿਆਂ ਦੀ ਜਾਣਕਾਰੀ ਦਿੱਤੀ। -ਪੀਟੀਆਈ