ਨਵੀਂ ਦਿੱਲੀ, 11 ਅਕਤੂਬਰ
ਅਗਲੇ ਵਰ੍ਹੇ ਹੋ ਰਹੀਆਂ ਉੱਤਰਾਖੰਡ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੂੰ ਝਟਕਾ ਦਿੰਦਿਆਂ ਸੂਬੇ ਦੇ ਟਰਾਂਸਪੋਰਟ ਮੰਤਰੀ ਯਸ਼ਪਾਲ ਆਰੀਆ ਨੇ ਸੋਮਵਾਰ ਨੂੰ ਭਗਵਾ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਉਹ ਆਪਣੇ ਵਿਧਾਇਕ ਪੁੱਤਰ ਸੰਜੀਵ ਸਣੇ ਕਾਂਗਰਸ ਵਿੱਚ ਮੁੜ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਯਸ਼ਪਾਲ ਆਰੀਆ 2007 ਤੋਂ 2014 ਤੱਕ ਉਤਰਾਖੰਡ ਕਾਂਗਰਸ ਦੇ ਪ੍ਰਧਾਨ ਰਹੇ। ਉਨ੍ਹਾਂ 2017 ਵਿੱਚ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ ਪੱਲਾ ਫੜ ਲਿਆ ਸੀ। ਕੌਮੀ ਰਾਜਧਾਨੀ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸੀਨੀਅਰ ਪਾਰਟੀ ਆਗੂਆਂ ਹਰੀਸ਼ ਰਾਵਤ, ਕੇ ਸੀ ਵੇਣੂਗੋਪਾਲ ਅਤੇ ਰਣਦੀਪ ਸੂਰਜੇਵਾਲਾ ਦੀ ਮੌਜੂਦਗੀ ਵਿੱਚ ਆਰੀਆ ਤੇ ਉਨ੍ਹਾਂ ਦੇ ਪੁੱਤਰ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਇਹ ਦੋਵੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ ਸਨ। ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਆਰੀਆ ਨੇ ਕਿਹਾ,‘ਅੱਜ ਮੇਰੇ ਲਈ ਖਾਸ ਦਿਨ ਹੈ ਕਿਉਂਕਿ ਮੈਂ ਆਪਣੇ ਪਰਿਵਾਰ ਵਿੱਚ ਮੁੜ ਆਇਆ ਹਾਂ।’ -ਪੀਟੀਆਈ