ਗੋਪੇਸ਼ਵਰ, 21 ਫਰਵਰੀ
ਹੜ੍ਹ ਨਾਲ ਤਬਾਹ ਹੋਏ ਤਪੋਵਨ-ਵਿਸ਼ਨੂੰਗੜ੍ਹ ਹਾਈਡਲ ਪ੍ਰਾਜੈਕਟ ਤੋਂ ਦੋ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ 67 ਹੋ ਗਈ ਹੈ। ਬਚਾਅ ਤੇ ਰਾਹਤ ਕਾਰਜ 15ਵੇਂ ਦਿਨ ਵੀ ਜਾਰੀ ਹਨ। ਤਿੰਨ ਦੇਹਾਂ ਸ਼ਨਿਚਰਵਾਰ ਸ਼ਾਮ ਨੂੰ ਮਿਲੀਆਂ ਸਨ ਤੇ ਦੋ ਹੋਰ ਦੇਰ ਰਾਤ ਕੱਢੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ ਮੁਹਿੰਮ ਜੰਗੀ ਪੱਧਰ ਉਤੇ ਚਲਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੱਤ ਫਰਵਰੀ ਨੂੰ ਚਮੋਲੀ ਜ਼ਿਲ੍ਹੇ ਵਿਚ ਗਲੇਸ਼ੀਅਰ ਟੁੱਟਣ ਕਾਰਨ ਨਦੀ ਵਿਚ ਹੜ੍ਹ ਆ ਗਿਆ ਸੀ ਤੇ ਰਿਸ਼ੀ ਗੰਗਾ ਹਾਈਡਲ ਪ੍ਰਾਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਤਪੋਵਨ-ਵਿਸ਼ਨੂੰਗੜ੍ਹ ਪ੍ਰਾਜੈਕਟ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। 137 ਲੋਕ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਐਨਟੀਪੀਸੀ ਨੂੰ ਹੋਰ ਮਸ਼ੀਨਾਂ ਖ਼ੁਦਾਈ ਲਈ ਲਾਉਣ ਵਾਸਤੇ ਕਿਹਾ ਹੈ। ਧੌਲੀ ਗੰਗਾ ਨਦੀ ਦਾ ਵਹਾਅ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪਾਣੀ ਨੂੰ ਸੁਰੰਗ ਵਿਚ ਜਾਣ ਤੋਂ ਰੋਕਿਆ ਜਾ ਸਕੇ।
ਗਲੇਸ਼ੀਅਰ ਟੁੱਟਣ ਕਾਰਨ ਬਣੀ ਝੀਲ ਦੀ ਡੂੰਘਾਈ ਮਾਪਣ ਦਾ ਯਤਨ
ਤਬਾਹਕੁਨ ਹੜ੍ਹਾਂ ਤੋਂ ਬਾਅਦ ਤਪੋਵਨ ਪ੍ਰਾਜੈਕਟ ਤੋਂ ਉੱਚੇ ਪਰਬਤੀ ਇਲਾਕੇ ਵਿਚ ਬਣੀ ਝੀਲ ਦੀ ਡੂੰਘਾਈ ਮਾਪਣ ਲਈ ਭਾਰਤੀ ਹਵਾਈ ਸੈਨਾ ਤੇ ਜਲ ਸੈਨਾ ਵੱਲੋਂ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ। ਅਤਿ-ਆਧੁਨਿਕ ਹਲਕਾ ਹੈਲੀਕੌਪਟਰ (ਏਐਲਐਚ) ਝੀਲ ਵਾਲੀ ਥਾਂ ਨੇੜੇ ਉਤਾਰਿਆ ਗਿਆ ਹੈ। ਦੱਸਣਯੋਗ ਹੈ ਕਿ ਗਲੇਸ਼ੀਅਰ ਟੁੱਟਣ ਤੋਂ ਬਾਅਦ ਇਹ ਝੀਲ ਬਣੀ ਹੈ। ਜਲ ਸੈਨਾ ਦੇ ਗੋਤਾਖੋਰ ਝੀਲ ਦੀ ਡੂੰਘਾਈ ਮਾਪ ਰਹੇ ਹਨ ਜੋ ਕਿ ਸਮੁੰਦਰ ਤਲ ਤੋਂ 14 ਹਜ਼ਾਰ ਫੁੱਟ ਉਪਰ ਬਣੀ ਹੈ। -ਪੀਟੀਆਈ