ਤਪੋਵਨ , 16 ਫਰਵਰੀ
ਹੜ੍ਹ ਕਾਰਨ ਤਬਾਹ ਹੋਈ ਤਪੋਵਨ ਸੁਰੰਗ ’ਚੋਂ ਦੋ ਹੋਰ ਲਾਸ਼ਾਂ ਮਿਲਣ ਨਾਲ ਉੱਤਰਾਖੰਡ ’ਚ ਵਾਪਰੀ ਤ੍ਰਾਸਦੀ ਕਾਰਨ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਚਮੋਲੀ ’ਚ ਗਲੇਸ਼ੀਅਰ ਟੁੱਟਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਹਨ ਅਤੇ ਅੱਜ ਤੜਕੇ ਦੋ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 58 ਹੋ ਗਈ ਹੈ ਜਦਕਿ 146 ਲੋਕ ਹਾਲੇ ਵੀ ਲਾਪਤਾ ਹਨ। ਤਪੋਵਨ ਸੁਰੰਗ ਨੇੜੇ ਬਣਾਏ ਆਰਜ਼ੀ ਮੁਰਦਾਘਰ ’ਚ ਤਾਇਨਾਤ ਅਧਿਕਾਰੀ ਨੇ ਦੱਸਿਆ ਕਿ ਸੁਰੰਗ ਵਿੱਚੋਂ ਇੱਕ ਲਾਸ਼ ਲੰਘੀ ਰਾਤ ਨੂੰ ਜਦਕਿ ਇੱਕ ਹੋਰ ਲੱਗਪਗ ਤੜਕੇ 2 ਵਜੇ ਮਿਲੀ। ਸੁਰੰਗ ’ਚੋਂ ਹੁਣ ਤਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਚਾਓ ਏਜੰਸੀਆਂ ਦਾ ਅਮਲਾ ਤਪੋਵਨ ਸੁਰੰਗ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ, ਜਿੱਥੇ ਲੱਗਪਗ 30 ਵਰਕਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਐਨਟੀਪੀਸੀ ਨੇ ਤ੍ਰਾਸਦੀ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। -ਪੀਟੀਆਈ
ਰਿਸ਼ੀਗੰਗਾ ’ਤੇ ਬਣੀ ਝੀਲ ’ਤੇ ਐੱਸਡੀਆਰਐੱਫ ਰੱਖ ਰਹੀ ਹੈ ਨਜ਼ਰ
ਦੇਹਰਾਦੂੁਨ: ਸੂਬਾ ਆਫ਼ਤ ਪ੍ਰਬੰਧਨ ਬਲ (ਐੱਸਡੀਆਰਐੱਫ) ਨੇ ਅੱਜ ਦੱਸਿਆ ਕਿ ਉੱਤਰਾਖੰਡ ਦੇ ਉੱਚ ਹਿਮਾਲਿਆ ਖੇਤਰ ’ਚ 14 ਹਜ਼ਾਰ ਫੁੱਟ ’ਤੇ ਬਣੀ ਝੀਲ ਤੋਂ ਤਤਕਾਲੀ ਕੋਈ ਖ਼ਤਰਾ ਨਾ ਹੋਣ ਦੇ ਬਾਵਜੂਦ ਰਿਸ਼ੀਗੰਗਾ ਨਦੀ ਦੇ ਪਾਣੀ ਦੇ ਵਹਾਅ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਕੁਝ ਦਿਨ ਪਹਿਲਾਂ ਰਿਸ਼ੀਗੰਗਾ ਨਦੀ ਦੇ ਪਾਣੀ ਭਰਨ ਵਾਲੇ ਖੇਤਰ ’ਚ ਇੱਕ ਝੀਲ ਬਣਨ ਦੀ ਪੁਸ਼ਟੀ ਹੋਈ ਸੀ। ਝੀਲ ਵਾਲੀ ਟੀਮ ਦੀ ਅਗਵਾਈ ਕਰ ਰਹੇ ਕਮਾਂਡੈਂਟ ਨਵਨੀਤ ਭੁੱਲਰ ਨੇ ਦੱਸਿਆ ਕਿ ਕੋਈ ਵੀ ਖ਼ਤਰਾ ਨਾ ਹੋਣ ਦੇ ਬਾਵਜੂਦ ਐੱਸਡੀਆਰਐੱਫ ਨੇ ਝੀਲ ਤੋਂ ਲੈ ਕੇ ਰੈਣੀ ਅਤੇ ਤਪੋਵਨ ਤਕ ਆਪਣੇ ਜਵਾਨ ਤਾਇਨਾਤ ਕਰ ਦਿੱਤੇ ਹਨ, ਜੋ ਰਿਸ਼ੀਗੰਗਾ ਨਦੀ ’ਚ ਪਾਣੀ ਦੇ ਵਹਾਅ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਮੁਤਾਬਕ ਸੈਟੇਲਾਈਟ ਰਾਹੀਂ ਵੀ ਝੀਲ ’ਤੇ ਨਜ਼ਰ ਰੱਖੀ ਜਾ ਰਹੀ ਹੈ। -ਪੀਟੀਆਈ