ਦੇਹਰਾਦੂਨ/ਤਪੋਵਨ, 14 ਫਰਵਰੀ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਰੈਨੀ ਤੇ ਤਪੋਵਨ ਵਿਚਲੇ ਹਾਈਡਲ ਪ੍ਰਾਜੈਕਟ ਵਾਲੀਆਂ ਥਾਵਾਂ ਤੋਂ ਅੱਜ ਅੱਠ ਹੋਰ ਲਾਸ਼ਾਂ ਮਿਲਣ ਮਗਰੋਂ ਇੱਥੇ ਗਲੇਸ਼ੀਅਰ ਖਿਸਕਣ ਕਾਰਨ ਵਾਪਰੀ ਤ੍ਰਾਸਦੀ ਦੇ ਮ੍ਰਿਤਕਾਂ ਦੀ ਗਿਣਤੀ 46 ਹੋ ਗਈ ਹੈ। ਰਾਹਤ ਕਾਮਿਆਂ ਵੱਲੋਂ ਬਾਕੀ ਲੋਕਾਂ ਨੂੰ ਲੱਭਣ ਲਈ ਕਾਰਜ ਜੰਗੀ ਪੱਧਰ ’ਤੇ ਚਲਾਏ ਜਾ ਰਹੇ ਹਨ।
ਰਾਹਤ ਕਾਰਜਾਂ ’ਚ ਲੱਗੇ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਲਾਸ਼ਾਂ ਤਪੋਵਨ-ਵਿਸ਼ਨੂਗੜ੍ਹ ਪ੍ਰਾਜੈਕਟ ਦੀ ਸੁਰੰਗ ’ਚੋਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਇਸ ਥਾਂ ਤੋਂ ਮਿਲੀਆਂ ਪਹਿਲੀਆਂ ਲਾਸ਼ਾਂ ਹਨ। ਉਨ੍ਹਾਂ ਦੱਸਿਆ ਕਿ ਤਿੰਨ ਲਾਸ਼ਾਂ ਰੈਨੀ ਤੋਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਲਾਸ਼ਾਂ ਤਪੋਵਨ ’ਚ ਬਣਾਏ ਗਏ ਆਰਜ਼ੀ ਮੁਰਦਾਘਰ ’ਚ ਰੱਖੀਆਂ ਗਈਆਂ ਹਨ। ਇਨ੍ਹਾਂ ’ਚੋਂ ਦੋ ਦੀ ਪਛਾਣ ਹੋ ਗਈ ਹੈ। ਇਕ ਦੀ ਪਛਾਣ ਟੀਹਰੀ ਜ਼ਿਲ੍ਹੇ ਦੇ ਨਰੇਂਦਰ ਨਗਰ ਦੇ ਰਹਿਣ ਵਾਲੇ ਆਲਮ ਸਿੰਘ ਅਤੇ ਦੂਜੇ ਦੀ ਪਛਾਣ ਦੇਹਰਾਦੂਨ ਦੇ ਕਾਲਸੀ ਦੇ ਰਹਿਣ ਵਾਲੇ ਅਨਿਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤ੍ਰਾਸਦੀ ਤੋਂ ਬਾਅਦ ਹੁਣ ਤੱਕ 46 ਲਾਸ਼ਾਂ ਮਿਲੀਆਂ ਹਨ ਜਦਕਿ 158 ਜਣੇ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਮੌਕੇ ’ਤੇ ਇੱਕ ਹੈਲੀਕਾਪਟਰ ਵੀ ਤਿਆਰ ਹੈ ਤਾਂ ਜੋ ਜੇਕਰ ਕੋਈ ਸੁਰੰਗ ਅੰਦਰੋਂ ਜਿਊਂਦਾ ਮਿਲੇ ਤਾਂ ਉਸ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ। ਹੜ੍ਹ ਕਾਰਨ 13.2 ਮੈਗਾਵਾਟ ਰਿਸ਼ੀਗੰਗਾ ਹਾਈਡਲ ਪ੍ਰਾਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਜਦਕਿ ਤਪੋਵਨ ਵਿਸ਼ਣੂਗੜ੍ਹ ਨੂੰ ਨੁਕਸਾਨ ਪੁੱਜਾ ਹੈ। -ਪੀਟੀਆਈ