ਤਪੋਵਨ (ਉੱਤਰਾਖੰਡ)/ਨਵੀਂ ਦਿੱਲੀ, 11 ਫਰਵਰੀ
ਇੱਥੇ ਰਾਹਤ ਕਾਰਜਾਂ ਵਿੱਚ ਜੁਟੀ ਏਜੰਸੀਆਂ ਨੇ ਤਪੋਵਨ ਸੁਰੰਗ ’ਚ ਫਸੇ 30 ਵਿਅਕਤੀਆਂ ਤੱਕ ਪੁੱਜਣ ਲਈ ਇਸ ਦੇ ਮਲਬੇ ’ਚ ਡਰਿੱਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਦਕਿ ਧੌਲੀਗੰਗਾ ਨਦੀ ਵਿੱਚ ਅੱਜ ਪਾਣੀ ਦਾ ਪੱਧਰ ਮੁੜ ਵਧਣ ਕਾਰਨ ਰਾਹਤ ਕਾਰਜਾਂ ’ਚ ਜੁਟੇ ਕਾਮਿਆਂ ਨੂੰ ਕੁਝ ਸਮੇਂ ਲਈ ਕੰਮ ਰੋਕਣਾ ਪਿਆ ਸੀ। ਇਸ ਤ੍ਰਾਸਦੀ ਵਿੱਚ ਹੁਣ ਤੱਕ 35 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਜਦਕਿ ਐਤਵਾਰ ਤੋਂ 169 ਵਿਅਕਤੀ ਅਜੇ ਵੀ ਲਾਪਤਾ ਹਨ। ਜਾਣਕਾਰੀ ਮੁਤਾਬਕ ਪਾਣੀ ਦਾ ਪੱਧਰ ਅਚਾਨਕ ਵਧਣ ਤੋਂ ਕਈ ਘੰਟੇ ਪਹਿਲਾਂ ਰਾਹਤ ਕਾਮਿਆਂ ਨੇ ਮਲਬੇ ’ਚੋਂ ਡਰਿੱਲ ਰਾਹੀਂ ਵੀ ਰਾਹਤ ਕਾਰਜ ਸ਼ੁਰੂ ਕਰਨ ਦਾ ਯਤਨ ਕੀਤਾ ਸੀ ਪਰ ਪਾਣੀ ਦਾ ਪੱਧਰ ਵਧਣ ਕਾਰਨ ਰਾਹਤ ਕਾਮਿਆਂ ਨੂੰ ਆਪਣੀ ਭਾਰੀ ਮਸ਼ੀਨਰੀ ਸਮੇਤ ਸੁਰੰਗ ’ਚੋਂ ਬਾਹਰ ਆਉਣਾ ਪਿਆ। ਚਮੋਲੀ ਦੀ ਜ਼ਿਲ੍ਹਾ ਮੈਜਿਸਟਰੇਟ ਸਵਾਤੀ ਐੱਸ ਭਦੌੜੀਆ ਨੇ ਕਿਹਾ ਕਿ ਰਾਹਤ ਕਾਰਜ ਸਾਵਧਾਨੀ ਵਜੋਂ ਕੁਝ ਸਮੇਂ ਲਈ ਰੋਕੇ ਗਏ ਹਨ। ਇਸ ਦੌਰਾਨ ਮੁੱਖ ਰਾਹਤ ਏਜੰਸੀ ਆਈਟੀਬੀਪੀ ਦੇ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਦੱਸਿਆ,‘ਬਚਾਅ ਟੀਮਾਂ ਵੱਲੋਂ ਸਵੇਰੇ 2 ਵਜੇ ਡਰਿੱਲ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਸੁਰੰਗ ’ਚ ਫਸੇ ਵਿਅਕਤੀਆਂ ਅਤੇ ਰਾਹਤ ਕਾਮਿਆਂ ’ਚ ਵੱਡੀ ਅੜਚਣ ਚਿੱਕੜ ਅਤੇ ਗਾਰਾ ਹੈ, ਜਿਸਨੂੰ ਹਟਾਉਣ ਲਈ ਬੋਰ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਐੱਨਟੀਪੀਸੀ ਪ੍ਰਾਜੈਕਟ ਸਾਈਟ ’ਤੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਗੜ੍ਹਵਾਲ ਦੇ ਕਮਿਸ਼ਨਰ ਰਵੀਨਾਥ ਰਮਨ ਨੇ ਕਿਹਾ ਕਿ ਇਸ ਸਮੇਂ ਮੁੱਖ ਲੋੜ ਡਰਿਲਿੰਗ ਕਾਰਨ ਫਸੇ ਵਿਅਕਤੀਆਂ ਤੱਕ ਆਕਸੀਜਨ ਸਿਲੰਡਰ ਪਹੁੰਚਾਉਣਾ ਹੈ।
-ਪੀਟੀਆਈ